ਮਹਾਂਰਿਸ਼ੀ ਵਾਲਮੀਕੀ ਸ਼ੋਭਾ ਯਾਤਰਾ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ ਨੂੰ ਹਾਲ ਹੀ ਵਿੱਚ ਸ਼ੋਭਾ ਯਾਤਰਾ ਦੌਰਾਨ ਲਗਾਏ ਗਏ ਪੋਸਟਰਾਂ ਉਪਰੰਤ 68 ਲੱਖ ਰੁਪਏ ਦਾ ਜੁਰਮਾਨਾ ਲਗਾਏ ਜਾਣ ਅਤੇ ਨੌਕਰੀ ਤੋਂ ਬਰਖਾਸਤ ਕਰਨ ਖ਼ਿਲਾਫ਼ ਵਾਲਮੀਕ ਸਮਾਜ ਵਿਚ ਰੋਸ ਵਧਣਾ ਸ਼ੁਰੂ ਹੋ ਗਿਆ ਹੈ। ਇਸੇ ਰੋਸ ਦੇ ਮੱਦੇਨਜ਼ਰ ਅੱਜ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਡੱਡੂਮਾਜਰਾ ਕਲੋਨੀ ਦੇ ਪ੍ਰਧਾਨ ਕੁਲਦੀਪ ਸਿੰਘ ਉਰਫ਼ ਟੀਟਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਉਪਰੰਤ ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ. ਯਾਦਵ ਅਤੇ ਸਾਬਕਾ ਮੇਅਰ ਰਾਜੇਸ਼ ਕਾਲੀਆ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ, ਕੰਵਰਪਾਲ ਗਹਿਲੋਤ, ਮੁਕੇਸ਼ ਅਨਾਰੀਆ, ਚੌਧਰੀ ਗੀਤਾ ਰਾਮ, ਲਵ ਕੁਮਾਰ ਤੇ ਭਗਤ ਰਾਜ ਨੇ ਕਿਹਾ ਕਿ ਨਗਰ ਨਿਗਮ ਅਧੀਨ ਐਮਓਐਚ ਵਿੰਗ ਵਿਚ ਡਰਾਈਵਰ ਵਜੋਂ ਤਾਇਨਾਤ ਗੁਰਚਰਨ ਸਿੰਘ, ਮਹਾਂਰਿਸ਼ੀ ਵਾਲਮੀਕੀ ਸ਼ੋਭਾ ਯਾਤਰਾ ਕਮੇਟੀ ਦੇ ਚੇਅਰਮੈਨ ਵੀ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਅਗਵਾਈ ਵਿਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਲਗਾਏ ਗਏ ਪੋਸਟਰਾਂ ਸਬੰਧੀ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਮੋਟਾ ਜੁਰਮਾਨਾ ਲਗਾਇਆ ਗਿਆ ਹੈ। ਨਗਰ ਨਿਗਮ ਨੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਵਾਲੇ ਪੋਸਟਰ ਨੂੰ ਵਿਗਿਆਪਨ ਵਾਲਾ ਪੋਸਟਰ ਦੱਸਦੇ ਹੋਏ ਗੁਰਚਰਨ ਸਿੰਘ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਵਾਲਮੀਕ ਸਮਾਜ ਸਮਝਦਾ ਹੈ ਕਿ ਨਿਗਮ ਨੇ ਅਜਿਹਾ ਕਰਕੇ ਸਮੁੱਚੇ ਵਾਲਮੀਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਗੁਰਚਰਨ ਸਿੰਘ ਨੂੰ ਲਗਾਈ ਗਈ 68 ਲੱਖ ਰੁਪਏ ਦੀ ਪੈਨਲਟੀ ਤੁਰੰਤ ਹਟਾਈ ਜਾਵੇ ਅਤੇ ਉਸ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ‘ਮੇਅਰ-ਕਮਿਸ਼ਨਰ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ।
INDIA ਨਿਗਮ ਕਮਿਸ਼ਨਰ ਤੇ ਸਾਬਕਾ ਮੇਅਰ ਦੇ ਪੁਤਲੇ ਫੂਕੇ