ਕਰੋਨਾ ਦਾ ਵਿਸ਼ਪ ਵਿਆਪੀ ਕਹਿਰ
ਨਿਊ ਯਾਰਕ (ਸਮਾਜਵੀਕਲੀ) – ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਕਰੋਨਾਵਾਇਰਸ ਮਹਾਮਾਰੀ ਦਾ ਕੇਂਦਰ ਬਣੇ ਨਿਊ ਯਾਰਕ ਸ਼ਹਿਰ ਵਿਚ ਹੁਣ ਤੱਕ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਟੱਪ ਚੁੱਕੀ ਹੈ ਜੋ ਚੀਨ ਤੇ ਬਰਤਾਨੀਆ ਨਾਲੋਂ ਵੀ ਵੱਧ ਹੈ।
ਨਿਊ ਯਾਰਕ ਸ਼ਹਿਰ ਦੀ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਐਤਵਾਰ ਨੂੰ ਸਾਹਮਣੇ ਆਏ ਕਰੀਬ 5695 ਨਵੇਂ ਕੇਸਾਂ ਨਾਲ 12 ਅਪਰੈਲ ਤੱਕ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1,04,410 ਹੋ ਗਈ ਸੀ। ਇਨ੍ਹਾਂ ਵਿੱਚੋਂ 27,676 ਹਸਪਤਾਲਾਂ ਵਿੱਚ ਦਾਖ਼ਲ ਹਨ। ਸ਼ਹਿਰ ਵਿੱਚ ਮਹਾਮਾਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ 6,898 ਹੈ।
ਇਸ ਤਰ੍ਹਾਂ ਇਕੱਲੇ ਨਿਊ ਯਾਰਕ ਸ਼ਹਿਰ ਵਿੱਚ ਚੀਨ ਤੇ ਬਰਤਾਨੀਆ ਨਾਲੋਂ ਵੱਧ ਕਰੋਨਾਵਾਇਰਸ ਦੇ ਮਰੀਜ਼ ਹੋ ਚੁੱਕੇ ਹਨ। ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਮਾਨ ਅਨੁਸਾਰ ਬਰਤਾਨੀਆ ਵਿੱਚ ਕਰੋਨਾਵਾਇਰਸ ਦੇ 85,208 ਕੇਸ ਹਨ, ਚੀਨ ਵਿੱਚ 83,135 ਅਤੇ ਇਰਾਨ ਵਿੱਚ 71,686 ਕੇਸ ਹਨ।
ਅਮਰੀਕਾ ਵਿੱਚ ਕਰੋਨਾਵਾਇਰਸ ਦੇ ਕੁੱਲ 5,57,300 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕਰੀਬ 22,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਂ ਭਰ ਵਿਚ ਇਸ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 18 ਲੱਖ ਤੋਂ ਵੱਧ ਹੈ ਅਤੇ ਹੁਣ ਤੱਕ 1,14,185 ਮੌਤਾਂ ਹੋ ਚੁੱਕੀਆਂ ਹਨ। ਨਿਊ ਯਾਰਕ ਸ਼ਹਿਰ ਦੇ ਮੇਅਰ ਬਿੱਲ ਡੀ ਬਲੈਸੀਓ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲਾ ਹਫ਼ਤਾ ਕਾਫੀ, ਕਾਫੀ ਮੁਸ਼ਕਿਲ ਸੀ।
ਨਿਊ ਯਾਰਕ ਦੇ ਗਵਰਨਰ ਐਂਡਰੀਊ ਕਿਊਮੋ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਕਰੋਨਾਵਾਇਰਸ ਕਾਰਨ 758 ਮੌਤਾਂ ਹੋ ਚੁੱਕੀਆਂ ਜਦੋਂਕਿ ਲਾਗ ਦੀ ਔਸਤ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਇਸ ਨੂੰ ਖ਼ੌਫ਼ਨਾਕ ਖ਼ਬਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜਨਤਕ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਅਰਥਚਾਰੇ ਨੂੰ ਮੁੜ ਤੋਂ ਖੋਲ੍ਹਣ ਲਈ ਨਿਊ ਜਰਸੀ ਤੇ ਕਨੈਕਟੀਕੱਟ ਨਾਲ ਮਿਲ ਕੇ ਕੰੰਮ ਕਰਨਗੇ। ਦੋਹਾਂ ਨੇ ਸਭ ਕੁਝ ਠੀਕ ਹੋਣ ਤੱਕ ਰਾਜ ਵਿੱਚ ਕੋਈ ਵੀ ਸਕੂਲ ਖੋਲ੍ਹਣ ਤੋਂ ਸਾਫ਼ ਇਨਕਾਰ ਕੀਤਾ।
ਇਸੇ ਦੌਰਾਨ ਦੇਸ਼ ਭਰ ਵਿਚ ਹੋਈਆਂ 3600 ਤੋਂ ਵੱਧ ਮੌਤਾਂ ਨੂੰ ਨਰਸਿੰਗ ਹੋਮਜ਼ ਤੇ ਲੰਬੇ ਸਮੇਂ ਲਈ ਦੇਖਭਾਲ ਵਾਲੇ ਕੇਂਦਰਾਂ ਵਿੱਚ ਵੱੱਡੀ ਪੱਧਰ ’ਤੇ ਕਰੋਨਾਵਾਇਰਸ ਫੈਲਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਐਸੋਸੀਏਟਿਡ ਪ੍ਰੈੱਸ ਵੱਲੋਂ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿੱਚ ਨਰਸਿੰਗ ਹੋਮਜ਼ ’ਚ ਮੌਤਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ।
ਏਪੀ ਵੱਲੋਂ ਮੀਡੀਆ ਦੀਆਂ ਖ਼ਬਰਾਂ ਦੇ ਆਧਾਰ ’ਤੇ ਕੀਤੀ ਗਈ ਗਿਣਤੀ ਮੁਤਾਬਕ ਨਰਸਿੰਗ ਹੋਮਜ਼ ਤੇ ਦੇਖਭਾਲ ਕੇਂਦਰਾਂ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10 ਦਿਨ ਪਹਿਲਾਂ ਤੱਕ 450 ਸੀ ਜੋ ਹੁਣ ਵਧ ਕੇ 3,621 ਤੱਕ ਪਹੁੰਚ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਪ ਨਗਰ ਰਿਚਮੰਡ ’ਚ ਸਥਿਤ ਇਕ ਨਰਸਿੰਗ ਹੋਮ ’ਚ ਕਰੋਨਾਵਾਇਰਸ ਕਾਰਨ 42 ਮੌਤਾਂ ਹੋ ਚੁੱਕੀਆਂ ਹਨ ਤੇ 100 ਹੋਰ ਪ੍ਰਭਾਵਿਤ ਹਨ।
ਸੈਂਟਰਲ ਇੰਡੀਆਨਾ ’ਚ ਸਥਿਕ ਇਕ ਨਰਸਿੰਗ ਹੋਮ ਵਿੱਚ 24, ਹੋਲਿਓਕ ਵਿੱਚ ਸਥਿਤ ਬਿਰਧ ਆਸ਼ਰਮ ਵਿੱਚ ਇਕ, ਸਿਆਟਲ ਉਪ ਨਗਰ ਦੇ ਇਕ ਨਰਸਿੰਗ ਹੋਮ ਵਿੱਚ ਹੁਣ ਤੱਕ 43 ਮੌਤਾਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਨਿਊ ਯਾਰਕ ’ਚ ਹੁਣ ਤੱਕ 1880 ਮੌਤਾਂ ਨਰਸਿੰਗ ਹੋਮਜ਼ ’ਚ ਹੋਈਆਂ ਹਨ। ਮਾਹਿਰਾਂ ਅਨੁਸਾਰ ਇਹ ਗਿਣਤੀ ਲਗਾਤਾਰ ਵਧ ਸਕਦੀ ਹੈ।
ਉੱਧਰ, ਚੀਨ ਵਿੱਚ ਮੌਜੂਦਾ ਹਫ਼ਤੇ ਵਿੱਚ ਕੋਵਿਡ-19 ਦੇ 108 ਸੱਜਰੇ ਕੇਸ ਸਾਹਮਣੇ ਆਏ ਹਨ ਜਦੋਂਕਿ ਸੈਂਟਰਲ ਹੁਬੇਈ ਸੂਬੇ ਵਿੱਚ ਦੋ ਹੋਰ ਮੌਤਾਂ ਹੋ ਗਈਆਂ ਹਨ। ਇਹ ਸੂਬਾ ਕਰੋਨਾਵਾਇਰਸ ਦਾ ਮੁੱਖ ਕੇਂਦਰ ਰਿਹਾ ਸੀ। ਇਸ ਤਰ੍ਹਾਂ ਕਰੋਨਾਵਾਇਰਸ ਕਾਰਨ ਦੇਸ਼ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 3,341 ਹੋ ਗਈ ਹੈ। ਇਨ੍ਹਾਂ 108 ਨਵੇਂ ਮਰੀਜ਼ਾਂ ਵਿੱਚੋਂ 98 ਵਿਦੇਸ਼ ਤੋਂ ਪਰਤੇ ਸਨ। ਇਹ ਜਾਣਕਾਰੀ ਅੱਜ ਸਿਹਤ ਅਧਿਕਾਰੀਆਂ ਨੇ ਦਿੱਤੀ।