ਆਕਲੈਂਡ (ਸਮਾਜ ਵੀਕਲੀ) : ਨਿਊਜ਼ੀਲੈਂਡ ਸੰਸਦੀ ਚੋਣਾਂ ’ਚ ਇਸ ਵਾਰ ਲੇਬਰ ਪਾਰਟੀ ਨੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਜੈਸਿੰਡਾ ਦੀ ਅਗਵਾਈ ’ਚ ਇਸ ਵਾਰ ਲੇਬਰ ਪਾਰਟੀ ਬਿਨਾਂ ਗਠਜੋੜ ਦੇ ਸਰਕਾਰ ਬਣਾਵੇਗੀ। ਚੋਣ ਨਤੀਜੇ ’ਚ ਸੱਤਾਧਾਰੀ ਪਾਰਟੀ ਲੇਬਰ ਨੂੰ 64 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ| ਉੱਥੇ ਹੀ, ਨੈਸ਼ਨਲ ਪਾਰਟੀ 35 ਸੀਟਾਂ (17.4 ਫ਼ੀਸਦੀ ਨੁਕਸਾਨ) ਨਾਲ ਦੂਜੇ ਨੰਬਰ ’ਤੇ ਹੈ। ਗਰੀਨ ਪਾਰਟੀ ਅਤੇ ਐਕਟ ਪਾਰਟੀ 10-10 ਸੀਟਾਂ ਮਿਲੀਆਂ ਜਦਕਿ ਮਾਓਰੀ ਪਾਰਟੀ ਇੱਕ ਸੀਟ ’ਤੇ ਜੇਤੂ ਰਹੀ।
ਗੌਰਤਲਬ ਹੈ ਕਿ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਲਈ ਵੀ 120 ਸੰਸਦੀ ਸੀਟਾਂ ਵਿੱਚੋਂ 61 ਸੀਟਾਂ ਜਿੱਤਣੀਆਂ ਲਾਜ਼ਮੀ ਹਨ। ਇਸ ਤੋਂ ਪਹਿਲਾਂ 1996 ਤੋਂ ਐੱਮ.ਐੱਮ.ਪੀ. ਪ੍ਰਣਾਲੀ ਲਾਗੂ ਹੋਣ ਮਗਰੋਂ ਹਾਲੇ ਤੱਕ ਕੋਈ ਵੀ ਇਕੱਲੀ ਪਾਰਟੀ ਇਹ ਅੰਕੜਾ ਹਾਸਲ ਕਰ ਕੇ ਸਰਕਾਰ ਨਹੀਂ ਬਣਾ ਸਕੀ ਸੀ। ਚੋਣਾਂ ਵਿੱਚ ਨੈਸ਼ਨਲ ਪਾਰਟੀ ਦੇ ਦੋਵੇਂ ਪੰਜਾਬੀ ਉਮੀਦਵਾਰ ਕਮਲਜੀਤ ਸਿੰਘ ਬਖਸ਼ੀ ਤੇ ਪਰਮਜੀਤ ਕੌਰ ਪਰਮਾਰ ਆਪਣੀਆਂ ਸੀਟਾਂ ਤੋਂ ਹਾਰ ਗਏ ਗਏ ਹਨ| ਪਰਵਾਸੀਆਂ ਦੇ ਵਿਰੋਧੀ ਮੰਨੇ ਜਾਣ ਵਾਲੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਵੀ ਆਪਣੀ ਸੀਟ ਨਹੀਂ ਜਿੱਤ ਸਕੇ।