ਅਮਰੀਕਾ: ਅੰਤਿਮ ਰਾਸ਼ਟਰਪਤੀ ਬਹਿਸ ’ਚ ਭਾਰਤ ਤੇ ਗੁਆਂਢੀ ਮੁਲਕਾਂ ਦੇ ਜ਼ਿਕਰ ਦੀ ਸੰਭਾਵਨਾ

ਨਵੀਂ ਦਿੱਲੀ, (ਸਮਾਜ ਵੀਕਲੀ) : ਅਮਰੀਕਾ ਵਿੱਚ 22 ਅਕਤੂਬਰ ਨੂੰ ਹੋਣ ਵਾਲੀ ਅਗਲੀ ਅਤੇ ਅੰਤਿਮ ਰਾਸ਼ਟਰਪਤੀ ਬਹਿਸ ਵਿੱਚ ਭਾਰਤ ਅਤੇ ਗੁਆਂਢੀ ਮੁਲਕਾਂ ਦਾ ਜ਼ਿਕਰ ਹੋ ਸਕਦਾ ਹੈ। ਇਹ ਜਾਣਕਾਰੀ ਰਾਸ਼ਟਰਪਤੀ ਚੋਣਾਂ ਸਬੰਧੀ ਜਾਣਕਾਰੀ ਨਾਲ ਜੁੜੇ ਸੂਤਰਾਂ ਨੇ ਦਿੱਤੀ ਹੈ।

ਰਾਸ਼ਟਰਪਤੀ ਚੋਣ ਲਈ ਦੋਵੇਂ ਊਮੀਦਵਾਰਾਂ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਾਬਕਾ ਊਪ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਦੀ ਵਿਦੇਸ਼ ਨੀਤੀ, ਖਾਸ ਕਰਕੇ ਏਸ਼ੀਆ ਪੈਸੇਫਿਕ, ਬਾਰੇ ਵਧੇਰੇ ਚਰਚਾ ਨਹੀਂ ਕੀਤੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਤਿੰਨਾਂ ਵਿਚੋਂ ਇੱਕ ਬਹਿਸ ਰੱਦ ਹੋ ਗਈ ਸੀ। ਅਗਲੀ ਬਹਿਸ ਦੇ ਸੰਚਾਲਕ ਕ੍ਰਿਸਟੀਨ ਵੈਲਕਰ ਨੇ ਦੋਵਾਂ ਊਮੀਦਵਾਰਾਂ ਵਿਚਾਲੇ ਡੂੰਘੀ ਚਰਚਾ ਲਈ ਛੇ ਵਿਸ਼ੇ ਚੁਣੇ ਹਨ। ਇਨ੍ਹਾਂ ਵਿੱਚ ਤਿੰਨ ਘਰੇਲੂ ਮੁੱਦੇ ਹਨ- ਕੋਵਿਡ-19, ਨਸਲੀ ਵਿਤਕਰਾ ਅਤੇ ਅਮਰੀਕੀ ਪਰਿਵਾਰ ਜਦਕਿ ਬਾਕੀ ਤਿੰਨ ਮੁੱਦਿਆਂ- ਜਲਵਾਯੂ ਤਬਦੀਲੀ, ਲੀਡਰਸ਼ਿਪ ਅਤੇ ਕੌਮੀ ਸੁਰੱਖਿਆ ਵਿਚ ਕੌਮਾਂਤਰੀ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਹ ਭਾਰਤੀ ਵਿਦੇਸ਼ ਤੇ ਸੁਰੱਖਿਆ ਨੀਤੀਘਾੜਿਆਂ ਲਈ ਦਿਲਚਸਪੀ ਦਾ ਵਿਸ਼ਾ ਹੋ ਸਕਦੇ ਹਨ।

ਸੂਤਰਾਂ ਅਨੁਸਾਰ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਟਰੰਪ ਵਲੋਂ ਭਾਰਤ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਊਮੀਦ ਹੈ ਜਦਕਿ ਬਾਇਡਨ ਭਾਰਤੀ ਨੀਤੀਘਾੜਿਆਂ ਨੂੰ ਕੁਝ ਪ੍ਰੇਸ਼ਾਨ ਕਰ ਸਕਦੇ ਹਨ ਜੇਕਰ ਊਹ ਕਸ਼ਮੀਰ ਮੁੱਦੇ ’ਤੇ ਚਰਚਾ ਕਰਦੇ ਹਨ ਅਤੇ ਇਹ ਪ੍ਰਸਤਾਵ ਰੱਖਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਨੂੰ ਮਸਲਾ ਹੱਲ ਕਰਨਾ ਚਾਹੀਦਾ ਹੈ। ਸੂਤਰਾਂ ਨੂੰ ਬਾਇਡਨ ਵਲੋਂ ਹਾਂਗਕਾਂਗ ਅਤੇ ਸ਼ਿਨਜਿਆਂਗ ਵਿੱਚ ਗੜਬੜ ’ਤੇ ਚਰਚਾ ਦੀ ਵੱਡੀ ਸੰਭਾਵਨਾ ਹੈ। ਕੁਆਡ ਮੁਲਕਾਂ ਦੀ ਭਵਿੱਖੀ ਦਿਸ਼ਾ ਬਾਰੇ ਚਰਚਾ ਵੀ ਦਿਲਚਸਪ ਹੋ ਸਕਦੀ ਹੈ। ਇਸ ਤੋਂ ਇਲਾਵਾ ਰੂਸ, ਇਜ਼ਰਾਇਲ ਤੇ ਫਿਲਸਤੀਨ ਪ੍ਰਤੀ ਭਵਿੱਖੀ ਨੀਤੀਆਂ ਦਾ ਵੀ ਬਹਿਸ ਵਿਚ ਜ਼ਿਕਰ ਹੋ ਸਕਦਾ ਹੈ।

Previous articleਨਿਊਜ਼ੀਲੈਂਡ ਆਮ ਚੋਣਾਂ ’ਚ ਲੇਬਰ ਪਾਰਟੀ ਦੀ ਹੂੰਝਾ ਫੇਰ ਜਿੱਤ
Next articleਪੇਅਟੀਐੱਮ ਵਾਲੇਟ ’ਚ ਕਰੈਡਿਟ ਨਾਲ ਪੈਸੇ ਪਾਉਣ ’ਤੇ ਲੱਗੇਗਾ 2 ਫ਼ੀਸਦੀ ਚਾਰਜ