ਨਿਊਯਾਰਕ ਵਿਧਾਨ ਸਭਾ ’ਚ ਕਸ਼ਮੀਰ ਬਾਰੇ ਮਤਾ ਪਾਸ

ਨਿਊਯਾਰਕ (ਸਮਾਜ ਵੀਕਲੀ) : ਨਿਊਯਾਰਕ ਸੂਬੇ ਦੀ ਵਿਧਾਨ ਸਭਾ ਨੇ ਇਕ ਮਤਾ ਪਾਸ ਕਰ ਕੇ ਗਵਰਨਰ ਐਂਡਰਿਊ ਕਿਊਮੋ ਤੋਂ ਮੰਗ ਕੀਤੀ ਹੈ ਕਿ ਪੰਜ ਫਰਵਰੀ ਦਾ ਦਿਨ ‘ਕਸ਼ਮੀਰੀ ਅਮਰੀਕੀ ਦਿਹਾੜੇ’ ਵਜੋਂ ਮਨਾਇਆ ਜਾਵੇ। ਭਾਰਤ ਨੇ ਇਸ ਮਤੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ‘ਨਿੱਜੀ ਹਿੱਤਾਂ’ ਖਾਤਰ ਕੁਝ ਲੋਕ ਜੰਮੂ ਕਸ਼ਮੀਰ ਦੇ ਅਮੀਰ ਸਭਿਆਚਾਰਕ ਤੇ ਸਮਾਜਿਕ ਤਾਣੇ-ਬਾਣੇ ਨੂੰ ਗਲਤ ਢੰਗ ਨਾਲ ਪੇਸ਼ ਕਰ ਕੇ ਲੋਕਾਂ ਨੂੰ ਵੰਡ ਰਹੇ ਹਨ।

ਇਹ ਮਤਾ ਵਿਧਾਨ ਸਭਾ ਮੈਂਬਰ ਨਾਦਿਰ ਸਾਏਗ਼ ਤੇ 12 ਹੋਰਾਂ ਨੇ ਪੇਸ਼ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਕਸ਼ਮੀਰੀ ਭਾਈਚਾਰੇ ਨੇ ਔਖ ਝੱਲ ਕੇ ਵੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਖ਼ੁਦ ਨੂੰ ਨਿਊਯਾਰਕ ਪਰਵਾਸੀ ਭਾਈਚਾਰੇ ਦੇ ਅਹਿਮ ਥੰਮ੍ਹ ਵਜੋਂ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀ ਮਤੇ ਵਿਚ ਕਿਹਾ ਗਿਆ ਹੈ ਕਿ ਨਿਊਯਾਰਕ ਮਨੁੱਖੀ ਹੱਕਾਂ ਨੂੰ ਤਰਜੀਹ ਦੇਣ, ਸਾਰੇ ਕਸ਼ਮੀਰੀ ਲੋਕਾਂ ਨੂੰ ਧਾਰਮਿਕ ਤੇ ਭਾਵਨਾਵਾਂ ਪ੍ਰਗਟਾਉਣ ਦੀ ਆਜ਼ਾਦੀ ਦੇਣ ਦੀ ਹਾਮੀ ਭਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੱਦਾਂ ਅਮਰੀਕੀ ਸੰਵਿਧਾਨ ਮੁਤਾਬਕ ਹਨ। ਮਤੇ ਉਤੇ ਟਿੱਪਣੀ ਕਰਦਿਆਂ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਕਿਹਾ ‘ਅਮਰੀਕਾ ਵਾਂਗ ਭਾਰਤ ਵੀ ਲੋਕਤੰਤਰ ਹੈ ਤੇ 130 ਕਰੋੜ ਭਾਰਤ ਵਾਸੀਆਂ ਦੀ ਬਹੁਲਵਾਦੀ ਨੈਤਿਕਤਾ ਮਾਣ ਕਰਨ ਯੋਗ ਹੈ।’

ਇਸ ਦੇ ਨਾਲ ਹੀ ਭਾਰਤ ਨੇ ਕਿਹਾ ਕਿ ਸਣੇ ਜੰਮੂ ਕਸ਼ਮੀਰ ਦੇਸ਼ ਆਪਣੀ ਵਿੰਭਿਨਤਾ ਤੇ ਅਮੀਰ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ। ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਭਾਰਤੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਊਯਾਰਕ ਸੂਬੇ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਭਾਰਤੀ-ਅਮਰੀਕੀ ਭਾਈਵਾਲੀ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਰਾਬਤਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਵਾਸੀ ਭਾਰਤੀਆਂ ਦੇ ਹਰ ਵਰਗ ਨੂੰ ਨਾਲ ਜੋੜਿਆ ਜਾਵੇਗਾ। ਇਸ ਮਾਮਲੇ ’ਤੇ ਨਿਊਯਾਰਕ ਸਥਿਤ ਪਾਕਿਸਤਾਨੀ ਦੂਤਾਵਾਸ ਨੇ ਵੀ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਮਤਾ ਪੇਸ਼ ਕਰਨ ਲਈ ਨਾਦਿਰ ਤੇ ਇਸ ਮਤੇ ਦੀ ਵਕਾਲਤ ਕਰਨ ਵਾਲੇ ਅਮਰੀਕੀ-ਪਾਕਿਸਤਾਨੀਆਂ ਦੀ ਸ਼ਲਾਘਾ ਕੀਤੀ ਹੈ।

Previous articleਸਿੰਘੂ ਹੱਦ ’ਤੇ ਇੰਟਰਨੈੱਟ ਸੇਵਾ ਬਹਾਲ
Next articleT’gana Cong passes resolution favouring Rahul as party chief