ਨਿਊਜ਼ੀਲੈਂਡ ਦੇ ਛੇ ਹਫ਼ਤਿਆਂ ਦੇ ਅਗਲੇ ਦੌਰੇ ਲਈ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਵਿੱਚ ਜ਼ਿਆਦਾ ਫੇਰਬਦਲ ਦੀ ਉਮੀਦ ਨਹੀਂ ਹੈ ਅਤੇ ਇਸ ਵਿੱਚ ਇਕਲੌਤਾ ਬਦਲਾਅ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਸ਼ਾਮਲ ਕਰਨਾ ਹੋ ਸਕਦਾ ਹੈ। ਦੂਜੇ ਪਾਸੇ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ੍ਰੀਲੰਕਾ ਖ਼ਿਲਾਫ਼ ਤੀਜੇ ਟੀ-20 ਕੌਮਾਂਤਰੀ ਮੈਚ ਵਿੱਚ ਤੇਜ਼ ਤਰਾਰ ਨੀਮ ਸੈਂਕੜੇ ਮਗਰੋਂ ਕਿਹਾ ਕਿ ਉਹ ਮੁੜ ਦੌੜ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਦੂਜੇ ਸਲਾਮੀ ਬੱਲੇਬਾਜ਼ ਬਾਰੇ ਫ਼ੈਸਲਾ ਕਰਨਾ ਟੀਮ ਪ੍ਰਬੰਧਕਾਂ ਦੀ ‘ਸਿਰਦਰਦੀ’ ਹੈ।
ਭਾਰਤੀ ਟੀਮ 24 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਨਿਊਜ਼ੀਲੈਂਡ ਦੌਰੇ ਵਿੱਚ ਪੰਜ ਟੀ-20 ਕੌਮਾਂਤਰੀ, ਤਿੰਨ ਇੱਕ ਰੋਜ਼ਾ ਅਤੇ ਦੋ ਟੈਸਟ ਮੈਚ ਖੇਡੇਗੀ। ਇਸ ਦੌਰੇ ਲਈ ਟੀਮ ਦੀ ਚੋਣ ਐਤਵਾਰ ਨੂੰ ਕੀਤੀ ਜਾਵੇਗੀ। ਨਿਊਜ਼ੀਲੈਂਡ ਵਿੱਚ ਭਾਰਤੀ ਟੀਮ ਅੱਠ ਮੈਚ ਖੇਡੇਗੀ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਚੋਣਕਾਰ 15 ਦੀ ਥਾਂ 16 ਜਾਂ 17 ਮੈਂਬਰੀ ਟੀਮ ਦੀ ਚੋਣ ਕਰਨਗੇ ਜਾਂ ਨਹੀਂ। ਭਾਰਤ ‘ਏ’ ਟੀਮ ਦਾ ਦੌਰਾ ਵੀ ਸੀਨੀਅਰ ਟੀਮ ਦੇ ਦੌਰੇ ਨਾਲ ਹੀ ਹੋ ਰਿਹਾ ਹੈ ਤਾਂ ਚੋਣਕਾਰਾਂ ਕੋਲ ਲੋੜ ਪੈਣ ’ਤੇ ਖਿਡਾਰੀਆਂ ਨੂੰ ਤੁਰੰਤ ਸ਼ਾਮਲ ਕਰਨ ਦਾ ਬਦਲ ਹੋਵੇਗਾ। ਇਸ ਸਾਲ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ, ਇਸ ਨੂੰ ਵੇਖਦਿਆਂ ਚੋਣਕਾਰਾਂ ਦਾ ਮੁੱਖ ਧਿਆਨ ਸਫ਼ੈਦ ਗੇਂਦ ਦੀ ਕ੍ਰਿਕਟ ਲਈ ਅਹਿਮ ਖਿਡਾਰੀਆਂ ਦੀ ਚੋਣ ’ਤੇ ਲੱਗਿਆ ਹੋਵੇਗਾ। ਧਵਨ ਦੇ ਟੀ-20 ਲੈਅ ਵਿੱਚ ਪਰਤਣ ਕਾਰਨ ਭਾਰਤੀ ਟੀਮ ਪ੍ਰਬੰਧਕਾਂ ਅਤੇ ਕਪਤਾਨ ਵਿਰਾਟ ਕੋਹਲੀ ਦੀ ਸਿਰਦਰਦੀ ਵਧ ਗਈ ਹੋਵੇਗੀ ਕਿ ਉਹ ਤਿੰਨ ਸਲਾਮੀ ਬੱਲੇਬਾਜ਼ਾਂ (ਧਵਨ ਤੋਂ ਇਲਾਵਾ ਲੋਕੇਸ਼ ਰਾਹੁਲ ਅਤੇ ਰੋਹਿਤ ਸ਼ਰਮਾ) ਵਿੱਚੋਂ ਕਿਸ ਦੀ ਚੋਣ ਕਰਨ। ਹਾਲਾਂਕਿ, ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਟੀਮ ਲਈ ਹਾਂ-ਪੱਖੀ ਹੈ।
ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਨੇ ਸ੍ਰੀਲੰਕਾ ਲੜੀ ਦੌਰਾਨ ਆਰਾਮ ਲੈਣ ਦਾ ਫ਼ੈਸਲਾ ਕੀਤਾ ਸੀ, ਜਿਸ ਨਾਲ ਧਵਨ ਨੇ ਦੋ ਮੌਕਿਆਂ ਦਾ ਫ਼ਾਇਦਾ ਉਠਾਇਆ ਅਤੇ ਇੰਦੌਰ ਵਿੱਚ 32 ਦੌੜਾਂ ਮਗਰੋਂ ਪੁਣੇ ਵਿੱਚ 52 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ਾਂ ਦੀ ਦੌੜ ਬਾਰੇ ਪੁੱਛਣ ’ਤੇ ਧਵਨ ਨੇ ਕਿਹਾ, ‘‘ਸਾਰੇ ਤਿੰਨ ਖਿਡਾਰੀ (ਰੋਹਿਤ, ਲੋਕੇਸ਼ ਅਤੇ ਮੈਂ) ਚੰਗਾ ਖੇਡ ਰਹੇ ਹਾਂ। ਰੋਹਿਤ ਨੇ 2019 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਹੁਲ ਬੀਤੇ ਇੱਕ ਦੋ ਮਹੀਨਿਆਂ ਤੋਂ ਬਿਹਤਰੀਨ ਲੈਅ ਵਿੱਚ ਹੈ ਅਤੇ ਉਹ ਚੰਗਾ ਖਿਡਾਰੀ ਹੈ ਅਤੇ ਮੈਂ ਵੀ ਸੀਨ ’ਤੇ ਆ ਗਿਆ ਹਾਂ।’’
Sports ਨਿਊਜ਼ੀਲੈਂਡ ਦੌਰਾ: ਭਾਰਤੀ ਕ੍ਰਿਕਟ ਟੀਮ ਦੀ ਚੋਣ ਅੱਜ