ਨਾਰੀ ਦਿਵਸ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਤੂੰ ਅੌਰਤ ਜੱਗ ਦੀ ਜਨਣੀ ਏਂ ,
ਜਰਾ ਅਪਣਾ ਆਪ ਪਛਾਣ ਕੁੜੇ ।
ਤੇਰੇ ਵਰਗੀਆਂ ਲੱਖਾਂ ਧੀਆਂ ਭੈਣਾਂ ,
ਕਾਹਤੋਂ ਧੱਕੇ ਖਾਣ ਕੁੜੇ  ।
ਤੈਨੂੰ ਹਰ ਧੱਕੇ ਨਾਲ਼ ਟੱਕਰ ਲੈਣ ਲਈ,
ਧੱਕੇਬਾਜਾਂ ਨਾਲ਼ ਲੜਨਾਂ ਪਊ ।
ਜੇਕਰ ਹੱਕ ਬਰਾਬਰ ਲੈਣੇਂ ਨੇ ,
ਤੈਨੂੰ ਏਕੇ ਦਾ ਰਾਹ ਫੜਨਾਂ ਪਊ ।
ਤੈਨੂੰ ਪਤਾ ਨਾ ਅਪਣੀ ਤਾਕਤ ਦਾ ,
ਤੂੰ ਕੋਮਲ ਹੈਂ ਕਮਜ਼ੋਰ ਨਹੀਂ  ।
ਜੇਕਰ ਆ ‘ਜੇਂ ਆਪਣੀ ਆਈ ‘ਤੇ ,
ਤੇਰੇ ਵਰਗਾ ਕੋਈ ਹੋਰ ਨਹੀਂ  ।
ਕੋਈ ਇੱਕ ਦੋ ਦਿਨ ਦੀ ਗੱਲ ਨਹੀਂ ,
ਪੌੜੀ ਦਰ ਪੌੜੀ ਚੜ੍ਨਾ ਪਊ  ।
ਜੇ ਤੂੰ ਹੱਕ ਬਰਾਬਰ ਲੈਣੇਂ ਨੇ ———-
ਤੂੰ ਧੀ ਹੈਂ ਮਾਈ ਭਾਗੋ ਦੀ ,
ਰਾਣੀ ਝਾਂਸੀ ਦੀ ਭੈਣ ਕੁੜੇ  ।
ਤੈਨੂੰ ਚੰਡੀ ਬਣਨਾ ਆਉਂਦਾ ਏ ,
ਸੱਚੀ ਗੱਲ ਸਿਆਣੇ ਕਹਿਣ ਕੁੜੇ ।
ਤੈਨੂੰ ਲੋਕ ਹਿਤਾਂ ਲਈ ਲੜਨ ਵਾਸਤੇ ,
ਲੋਕਾਂ ਦੇ ਨਾਲ਼ ਖੜ੍ਨਾ ਪਊ  ।
ਜੇ ਤੂੰ ਹੱਕ ਬਰਾਬਰ ਲੈਣੇਂ ਨੇ ———-
ਤੇਰੀ ਮੱਤ ਨੂੰ ਖ਼ਬਰੇ ਕੀ ਹੋ ਗਿਆ ,
ਆਪੇ ਨਾਲ਼ ਕਹਿਰ ਕਮਾਉਂਣ ਲੱਗੀ ।
ਤੂੰ ਅਪਣੀ ਕੁੱਖ ਵਿੱਚ ਅਪਣੀ ਜਾਤ ਨੂੰ ,
ਆਪੇ ਈ ਕਤਲ ਕਰਾਉਂਣ ਲੱਗੀ  ।
ਤੈਨੂੰ ਕੰਨੀਂ ਫੜ ਵਿਗਿਆਨਕ ਸੋਚ ਦੀ ,
ਭਵ ਸਾਗਰ ਨੂੰ ਤਰਨਾਂ ਪਊ  ।
ਜੇ ਤੂੰ ਹੱਕ ਬਰਾਬਰ ਲੈਣੇਂ ਨੇ ———-
ਤੂੰ ਭੈਣਾਂ ਨੂੰ ਜਥੇਬੰਦ ਕਰਨ ਦੀ ,
ਗੱਲ ਜੇ ਲੜ ਨਾਲ਼ ਬੰਨੀ੍ਂ ਨਾ  ।
ਤੂੰ ਰੁਲ਼ਦੂ ਰੰਚਣਾਂ ਵਾਲ਼ੇ ਦੀ  ,
ਹੁਣ ਵੀ ਜੇ ਨਸੀਅਤ ਮੰਨੀਂ ਨਾ  ।
ਤੈਨੂੰ ਏਦਾਂ ਹੀ ਕੁੱਟ ਖਾਣੀ ਪਊ ,
ਤੇ ਸਹੁਰਿਆਂ ਹੱਥੋਂ ਸੜਨਾਂ ਪਊ  ।
ਜੇਕਰ ਹੱਕ ਬਰਾਬਰ ਲੈਣੇ ਨੇਂ,
ਤੈਨੂੰ ਏਕੇ ਦਾ ਰਾਹ ਫੜਣਾ ਪਊ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               9478408898
Previous articleਪ੍ਰਸਿੱਧ ਪੱਤਰਕਾਰ ਮੇਜਰ ਸਿੰਘ ਦਾ ਦੇਹਾਂਤ
Next articleਅਜੌਕੇ ਸਮਾਜ ਵਿੱਚ ਔਰਤ ਦੀ ਸਥਿਤੀ