(ਸਮਾਜ ਵੀਕਲੀ)
ਮੇਰੇ ਪਿੰਡ ਘੜਾਮੇਂ ਵਿੱਚ
ਇਕ ਵੀ ਘਰ ਤੇਲੀਆਂ ਦਾ ਨਹੀਂ
ਪਰ!!!!!
ਇਕ ਗਲੀ ਦੀ ਪਛਾਣ
ਅਜੇ ਵੀ ਕਾਇਮ ਹੈ
ਤੇਲੀਆਂ ਵਾਲੀ ਗਲੀ ਦੇ ਨਾਮ ਨਾਲ
ਤੇ ਨੇੜੇ ਤੇੜੇ ਕਿਤੇ ਵੀ
ਨਹੀਂ ਹੈ ਕੋਈ
ਨੱਥੂਮਾਜਰਾ ਨਾਮ ਦਾ ਪਿੰਡ
ਪਰ ਅੱਜ ਵੀ ਮੋਜੂਦ ਹਨ
ਨੱਥੂਮਾਜਰੇ ਵਾਲੇ ਖੇਤ
ਦੱਸਦੇ ਨੇ ਪੁਰਾਣੇ ਬਜ਼ੁਰਗ
ਕਿ ਖੂਨੀ ਸੰਤਾਲੀ ਤੋਂ ਪਹਿਲਾਂ
ਰਹਿੰਦੇ ਸਨ ਇਸ ਗਲੀ ਵਿੱਚ
ਮੁਸਲਮਾਨ ਤੇਲੀ
ਤੇ ਨੱਥੂਮਾਜਰੇ ਵਾਲੇ
ਖੇਤਾਂ ਵਾਲੀ ਥਾਂ ਵੱਸਦਾ ਸੀ
ਇਕ ਵੱਡਾ ਪਿੰਡ
ਨੱਥੂਮਾਜਰਾ
ਜੋ ਹੋ ਗਿਆ ਸੀ ਥੇਹ
ਕਿਸੇ ਕੁਦਰਤੀ ਕਰੋਪੀ ਕਾਰਨ
ਮੋਜੂਦ ਬਜ਼ੁਰਗਾਂ ਦੀ
ਸੋਝੀ ਤੋਂ ਵੀ ਕਿਤੇ ਪਹਿਲਾਂ
ਤੇ ਹਾਂ ਸੱਚ…!!!!!
ਸਾਡੇ ਪਿੰਡ ਤੋਂ
ਤੀਹ ਕੁ ਕਿਲੋਮੀਟਰ ਹੈ
ਸ਼ਹਿਰ ਮੋਹਾਲੀ
ਮੋ…ਹਾ…ਲੀ
ਬੱਚਿਆਂ, ਜਵਾਨਾ, ਬਜ਼ੁਰਗਾਂ
ਸਭ ਲਈ ਬੱਸ
ਮੋਹਾਲੀ ਹੀ
ਘੱਟੋ ਘੱਟ ਮੈਂ ਤਾਂ
ਕਦੇ ਨਹੀਂ ਸੁਣਿਆ
ਕਿਸੇ ਦੇ ਵੀ ਮੂੰਹੋਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਤੇ ਜਿੱਥੇ ਅੱਜਕੱਲ੍ਹ ਹੈ ਮੇਰੀ ਰਿਹਾਇਸ਼
ਉਹਦੇ ਨਾਮ ਦੀ ਵੀ
ਅੜੀ ਰਹਿੰਦੀ ਹੈ ਗਰਾਰੀ
ਰੋਪੜ ਅਤੇ ਰੂਪਨਗਰ ਨੂੰ ਲੈ ਕੇ
ਮੇਰੀ ਹੀ ਨਹੀਂ
ਬਾਕੀ ਸ਼ਹਿਰ ਅਤੇ
ਇਲਾਕਾ ਨਿਵਾਸੀਆਂ ਦੀ ਵੀ
ਪਰ ਹਰ ਵਾਲੀ
ਜੇਤੂਆਂ ਵਾਂਗ ਮੂਹਰੇ
ਆ ਲੱਗਦਾ ਹੈ
ਸਿਰਫ ਤੇ ਸਿਰਫ
ਰੋਪੜ.. ਰੋਪੜ.. ਰੋਪੜ..
ਅੱਗੇ ਨੇੜਲੇ ਸ਼ਹਿਰ ਨੂੰ
ਜਾਂਦੀਆਂ ਬੱਸਾਂ ਦੇ ਕੰਡਕਟਰ
ਆਮ ਪਾਉਂਦੇ ਨੇ ਰੋਲ਼ੀ
ਨਵਾਂ ਸ਼ਹਿਰ, ਨਵਾਂ ਸ਼ਹਿਰ ਨਵਾਂ ਸ਼ਹਿਰ
ਦੇ ਹੋਕਿਆਂ ਨਾਲ
ਕੋਈ ਨਹੀਂ ਸੁਣਿਆਂ
ਸ਼ਹੀਦ ਭਗਤ ਸਿੰਘ ਨਗਰ
ਸ਼ਹੀਦ ਭਗਤ ਸਿੰਘ ਨਗਰ ਕਰਦਾ
ਸੋ ਨਾਮ ਬਦਲੀ ਦੇ ਸ਼ੂਗਲ ਤੇ
ਨਾਹਰੇ, ਜੈਕਾਰੇ, ਤਾੜੀਆਂ, ਕੂਕਾਂ
ਮਾਰਨ ਵਾਲਿਉ
ਕਦੇ ਆਇਉ
ਨੱਥੂਮਾਜਰੇ ਵਾਲੇ ਖੇਤਾਂ ਦੇ
ਵੱਟੋ ਵੱਟ ਤੁਰਕੇ
ਤੇ ਲੰਘ ਕੇ ਤੇਲੀਆਂ ਵਾਲੀ
ਗਲੀ ਦੇ ਵਿੱਚ ਦੀ
ਨਿਕਲ ਕੇ ਘੜਾਮਿਉਂ ਬਾਹਰ
ਪਹੁੰਚ ਕੇ ਮੋਹਾਲੀ
ਫੜਿਉ ਬੱਸ ਨਵੇਂ ਸ਼ਹਿਰ ਦੀ
ਤੇ ਪੰਜਾਹ ਕੁ ਕਿਲੋਮੀਟਰ
ਇਕ ਵੱਡੇ ਸ਼ਹਿਰ ਦੇ
ਅੱਡੇ ਤੇ ਪਹੁੰਚ ਕੇ
ਸ਼ੀਸ਼ੇ ਵਿੱਚੋਂ ਗਰਦਨ ਬਾਹਰ ਕੱਢ
ਚਾਹੇ ਕਿਸੇ ਪਰਵਾਸੀ ਨੂੰ ਹੀ ਪੁੱਛਿਉ
ਕਿ “ਕਿਹੜਾ ਸ਼ਹਿਰ ਹੈ?”
ਤੇ ਅਗਲਾ ਰੋਪੜ ਦੀ ਥਾਂ
ਰੋਪਰ ਤਾਂ ਬੇਸ਼ੱਕ ਕਹਿ ਦੂ
ਪਰ ਰੂਪਨਗਰ ਨਹੀਂ
ਬਾਈ ਚਾਂਸ ਉਸ ਕਹਿਤਾ
ਰੂਪਨਗਰ
ਤਾਂ ਮੇਰਾ ਨਾਂ ਬਦਲ ਦਿਉ!
ਤੇ ਜੇ ਸੱਚਮੁੱਚ ਹੀ
ਹੋਣਾ ਚਾਹੁੰਦੇ ਹੋ ਕਾਮਯਾਬ
ਤਾਂ ਫੂਕੋ ਰੂਹ
ਤਨ, ਮਨ ਧਨ ਤੋਂ
ਦੇ ਕੇ ਪਹਿਲ ਜਾਂ ਅਹਿਮੀਅਤ
ਇਨਸਾਨੀਅਤ ਨੂੰ
ਫੇਰ ਆਪੇ ਹੋ ਜਾਂਦੇ ਮਕਬੂਲ
ਮਾਖੋਵਾਲ ਜਾਂ ਚੱਕ ਨਾਨਕੀ
ਅਨੰਦਪੁਰ ਦੇ ਨਾਮ ਨਾਲ
ਅਤੇ ਲੱਛਮਣ ਯਾ ਮਾਧੋ ਦਾਸ
ਬੰਦਾ ਸਿੰਘ ਬਹਾਦਰ ਦੇ
ਰੋਮੀ ਘੜਾਮੇਂ ਵਾਲਾ
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly