ਨਾਮਜ਼ਦਗੀਆਂ ਭਰਨ ਸਾਰ ਹੋਣਗੀਆਂ ਅਪਲੋਡ

ਲੋਕ ਸਭਾ ਦੇ ਰਾਖਵੇਂ ਹਲਕੇ ਜਲੰਧਰ ਲਈ 22 ਅਪਰੈਲ ਤੋਂ ਸ਼ੁਰੂ ਹੋ ਰਹੀ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਲਈ ਜ਼ਿਲਾ ਪ੍ਰਸ਼ਾਸ਼ਨ ਜਲੰਧਰ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਡਿਪਟੀ ਕਮਿਸ਼ਨਰ -ਕਮ- ਜ਼ਿਲਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਬੀਤੇ ਦੋ ਦਿਨਾਂ ਤੋਂ ਇਸ ਸੰਬੰਧੀ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦਾ ਆਪ ਜਾਇਜ਼ਾ ਲੈ ਰਹੇ ਹਨ ਤਾਂ ਜੋ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਜ਼ਿਲਾ ਚੋਣ ਅਧਿਕਾਰੀ ਆਪਣੀ ਅਦਾਲਤ ਵਿੱਚ ਉਮੀਦਵਾਰਾਂ ਤੋਂ ਨਾਮਜ਼ਦਗੀ ਦੇ ਕਾਗਜ਼ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਲਿਆ ਕਰਨਗੇ। ਉਨ੍ਹਾਂ ਦੀ ਗੈਰ ਮੌਜ਼ੂਦਗੀ ਦੇ ਵਿਚ ਉਪ ਮੰਡਲ ਮੈਜਿਸਟ੍ਰੇਟ ਜਲੰਧਰ ਪਰਮਵੀਰ ਸਿੰਘ ਇਹ ਕਾਗਜ਼ ਹਾਸਲ ਕਰਿਆ ਕਰਨਗੇ। ਪਹਿਲੇ ਦਿਨ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨਾਮਜ਼ਦਗੀ ਭਰਨਗੇ ਤੇ ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਹਾਜ਼ਰ ਰਹਿਣਗੇ। ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਉਮੀਦਵਾਰ ਸਮੇਤ ਕੇਵਲ ਪੰਜ ਵਿਅਕਤੀ ਹੀ ਨਾਮਜ਼ਦਗੀ ਭਰਨ ਲਈ ਜ਼ਿਲਾ ਚੋਣ ਅਫ਼ਸਰ ਪਾਸ ਜਾ ਸਕਣਗੇ। ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ ਇਸ ਦੀ ਵੀਡਿਓਗ੍ਰਾਫੀ ਕਾਰਵਾਈ ਜਾਵੇਗੀ। ਇਸੇ ਤਰ੍ਹਾਂ ਪੂਰੇ ਜ਼ਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਚ ਵੀ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ’ਤੇ ਪੈਣੀ ਨਿਗਾਹ ਰੱਖੀ ਜਾ ਸਕੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਡੀਸੀ ਦਫ਼ਤਰ ਦੇ ਬਾਹਲੇ ਗੇਟ ’ਤੇ ਚੂਨੇ ਨਾਲ ਲਿਖ ਦਿੱਤਾ ਗਿਆ ਹੈ ਕਿ 100 ਮੀਟਰ ਦੀ ਹੱਦ। ਇਸ ਹੱਦ ਦੇ ਅੰਦਰ ਨਾਮਜ਼ਦਗੀ ਭਰਨ ਵਾਲੇ ਉਮੀਦਵਾਰ ਦੇ ਨਾਲ ਸਿਰਫ਼ ਪੰਜ ਜਣੇ ਹੀ ਜਾ ਸਕਣਗੇ। ਚੋਣ ਕਮਿਸ਼ਨ ਨੇ ਇਹ ਵੀ ਫੈਸਲਾ ਲਿਆ ਹੈ ਕਿ ਨਾਮਜ਼ਦਗੀ ਵੇਲੇ ਉਮੀਦਵਾਰ ਵਲੋਂ ਦਿੱਤੀ ਜਾਂਦੀ ਜਾਣਕਾਰੀ ਨੂੰ ਨਾਲ ਦੇ ਨਾਲ ਹੀ ਅੱਪਲੋਡ ਕਰ ਦਿੱਤਾ ਜਾਵੇਗਾ ਤਾ ਜੋ ਕੋਈ ਵੀ ਵਿਅਕਤੀ ਉਸ ਨੂੰ ਵੇਖ ਸਕੇ। ਇਸ ਦੇ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ ਮਾਹਿਰ ਸਟਾਫ ਲਗਾ ਦਿੱਤਾ ਗਿਆ ਹੈ ਜੋ ਇਹ ਜਾਣਕਾਰੀ ਨਾਲ ਦੇ ਨਾਲ ਹੀ ਅੱਪਲੋਡ ਕਰ ਦੇਣਗੇ। ਕੋਈ ਵੀ ਵਿਅਕਤੀ ਇਸ ਜਾਣਕਾਰੀ ਨੂੰ ਮੁਖ ਚੋਣ ਅਧਿਕਾਰੀ ਪੰਜਾਬ ਦੀ ਵੈਬਸਾਈਟ ’ਤੇ ਜਾ ਕੇ ਵੇਖ ਸਕਦਾ ਹੈ।

Previous articleਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਨਾਲ ਵੀ ਸਬੰਧਤ ਹੈ ਵਾਇਨਾਡ
Next article” मैं हैरान हूँ “