ਪਟਿਆਲਾ (ਸਮਾਜਵੀਕਲੀ): ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਖ਼ਿਲਾਫ਼ ਅੱਜ ਨਾਨ-ਟੀਚਿੰਗ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ। ਇਹ ਰੋਸ ਧਰਨਾ ਬੀ ਤੇ ਸੀ ਕਲਾਸ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਵਾਈਸ ਚਾਂਸਲਰ ਦਫ਼ਤਰ ਅੱਗੇ ਦਿੱਤਾ ਗਿਆ।
ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਐਤਕੀਂ ਰਾਜ ਸਰਕਾਰ ਦੇ ਸਾਲਾਨਾ ਬਜਟ ’ਚ ਸਪੈਸ਼ਲ ਗਰਾਂਟ ਨਹੀਂ ਮਿਲੀ। ਵੇਰਵਿਆਂ ਮੁਤਾਬਿਕ ਜਿਹੜੀ ਮਈ ਮਹੀਨੇ ਦੀ ਤਨਖਾਹ ਪਹਿਲੀ ਜਾਂ ਦੂਜੀ ਤਰੀਕ ਨੂੰ ਜਾਰੀ ਹੋਣੀ ਸੀ ਉਹ ਜੂਨ ਦੇ ਅਖੀਰ ਤੱਕ ਵੀ ਦਿੱਤੀ ਨਹੀਂ ਜਾ ਸਕੀ। ਇਸ ਕਾਰਨ ਮੁਲਾਜ਼ਮਾਂ ਵਿਚ ਰੋਸ ਫੈਲ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਵੀਹ ਦਿਨਾਂ ਤੋਂ ਪੂਟਾ ਵੀ ਸੰਘਰਸ਼ ਦੇ ਰਾਹ ਪਈ ਹੋਈ ਹੈ ਤੇ ਹੁਣ ਨਾਨ ਟੀਚਿੰਗ ਕਰਮਚਾਰੀਆਂ ਦੇ ਸੰਘਰਸ਼ ਦੇ ਰਾਹ ਪੈਣ ਤੋਂ ਸਮਝਿਆ ਜਾਣ ਲੱਗਿਆ ਹੈ ਕਿ ਜੇਕਰ ਅਗਲੇ ਦਿਨਾਂ ਅੰਦਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਯੂਨੀਵਰਸਿਟੀ ਕੈਂਪਸ ਮੁਲਾਜ਼ਮਾਂ ਤੇ ਅਧਿਆਪਕਾਂ ਦੇ ਸੰਘਰਸ਼ ਦਾ ਅਖਾੜਾ ਬਣ ਜਾਏਗਾ।
ਬੁਲਾਰਿਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਅਗਲੇ ਦਿਨਾਂ ਤੱਕ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਸੰਘਰਸ਼ ਵੱਡੇ ਪੱਧਰ ’ਤੇ ਫੈਲਾਇਆ ਜਾਵੇਗਾ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ 150 ਕਰੋੜ ਦੇ ਕਰਜ਼ੇ ਹੇਠ ਹੈ ਤੇ ਸੂਬਾ ਸਰਕਾਰ ਇਸ ਦੀ ਬਾਂਹ ਨਹੀ ਫੜ ਰਹੀ। ਜਦਕਿ ਯੂਨੀਵਰਸਿਟੀ 400 ਕਰੋੜ ਰੁਪਏ ਦੇ ਘਾਟੇ ਨਾਲ ਜੂਝ ਰਹੀ ਹੈ। ਇਸ ਮੌਕੇ ਪਾਲਾ ਰਾਮ ਚੌਧਰੀ, ਮਨੋਜ ਕੁਮਾਰ ਭਾਂਬਰੀ, ਜਗਤਾਰ ਸਿੰਘ, ਮੁਹੰਮਦ ਜਹੀਰ ਲੋਰੇ, ਰਾਜਿੰਦਰ ਸਿੰਘ ਬਾਗੜੀਆ, ਲਖਵੀਰ ਲੱਕੀ, ਗੁਰਪਿਆਰ ਸਿੰਘ ਆਦਿ ਨੇ ਸ਼ਿਰਕਤ ਕੀਤੀ।