ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਬੀਤੀ ਰਾਤ ਜੰਮੀਆਂ ਜੁੜਵਾ ਬੱਚੀਆਂ ਨੂੰ ਉਸ ਦੀ ਨਾਨੀ ਅਤੇ ਮਾਮੇ ਨੇ ਸਰਹੰਦ ਨਹਿਰ ਵਿੱਚ ਸੁੱਟ ਦਿੱਤਾ। ਥਾਣਾ ਸਿਵਲ ਲਾਈਨ ਪੁਲੀਸ ਨੇ ਨਾਨੀ ਅਤੇ ਮਾਮੇ ’ਤੇ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਦੀ ਸਿਵਲ ਲਾਈਨ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੀਤੀ ਰਾਤ ਪਿੰਡ ਚੱਕ ਅਤਰ ਸਿੰਘ ਵਾਲੇ ਦੀ ਮਹਿਲਾ ਅਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਜਣੇਪੇ ਲਈ ਦਾਖਲ ਹੋਈ ਸੀ। ਉਸ ਨੇ ਦੋ ਜੁੜਵਾਂ ਲੜਕੀਆਂ ਨੂੰ ਜਨਮ ਦਿੱਤਾ ਜਿਨ੍ਹਾਂ ’ਚੋਂ ਇੱਕ ਦਾ ਭਾਰ 1 ਕਿੱਲੋ ਅਤੇ ਦੂਜੀ ਦਾ ਭਾਰ 600 ਗਰਾਮ ਸੀ। ਨਰਸਿੰਗ ਹੋਮ ਦੇ ਡਾਕਟਰ ਨੇ ਭਾਰ ਘੱਟ ਹੋਣ ਕਾਰਨ ਬੱਚੀਆਂ ਨੂੰ ਮਸ਼ੀਨ ਵਿਚ ਰੱਖਣ ਲਈ ਕਿਹਾ ਸੀ। ਲੜਕੀ ਦੀ ਮਾਤਾ ਮਲਕੀਤ ਕੌਰ ਨੇ ਆਪਣੀਆਂ ਦੋਹਤੀਆਂ ਨੂੰ ਹਸਪਤਾਲ ਵਿੱਚੋਂ ਚੋਰੀ ਚੁੱਕ ਕੇ ਬਠਿੰਡਾ ਨੇੜਿਓਂ ਲੰਘਦੀ ਸਰਹੰਦ ਨਹਿਰ ਵਿੱਚ ਸੁੱਟ ਦਿੱਤਾ ਕਿਉਂਕਿ ਅਮਨਦੀਪ ਕੌਰ ਪਹਿਲਾਂ ਵੀ ਦੋ ਧੀਆਂ ਦੀ ਮਾਂ ਸੀ ਅਤੇ ਮਲਕੀਤ ਕੌਰ ਨਹੀਂ ਚਾਹੁੰਦੀ ਸੀ ਕਿ ਉਸ ਦੀ ਕੁੜੀ ’ਤੇ ਹੋਰ ਬੋਝ ਵਧੇ। ਪੁਲੀਸ ਗੁਪਤ ਸੂਚਨਾ ਮਿਲਣ ’ਤੇ ਮਲਕੀਤ ਕੌਰ ਪਤਨੀ ਦਰਸ਼ਨ ਸਿੰਘ ਅਤੇ ਉਸ ਦੇ ਪੁੱਤਰ ਬਲਜਿੰਦਰ ਸਿੰਘ ਵਾਸੀ ਬਹਿਮਣ ਦੀਵਾਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬੱਚੀਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਈਨ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰ ਦੇ ਬਿਆਨ ’ਤੇ ਕੇਸ ਦਰਜ ਕੀਤਾ ਗਿਆ ਹੈ।
INDIA ਨਾਨੀ ਨੇ ਪੁੱਤ ਨਾਲ ਮਿਲ ਕੇ ਨਵਜੰਮੀਆਂ ਦੋਹਤੀਆਂ ਨਹਿਰ ’ਚ ਸੁੱਟੀਆਂ