ਨਾਡਾ ਦੀ ਨਿਗਰਾਨੀ ਸੂਚੀ ਵਿੱਚ ਹੋਣਾ ਚੰਗੇ ਅਥਲੀਟ ਦੀ ਨਿਸ਼ਾਨੀ: ਹਿਮਾ

ਯੂਨੀਸੈਫ ਦੀ ਮੁਟਿਆਰ ਦੂਤ ਨਿਯੁਕਤ ਕੀਤੀ ਗਈ ਭਾਰਤੀ ਦੌੜਾਕ ਹਿਮਾ ਦਾਸ ਨੇ ਅੱਜ ਇਸ ਕਦਮ ਦਾ ਸਵਾਗਤ ਕੀਤਾ ਕਿ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਉਸ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਕਿਹਾ ਕਿ ਇਹ ਚੰਗੇ ਅਥਲੀਟ ਹੋਣ ਦੇ ਸੰਕੇਤ ਹਨ। ਰਿਪੋਰਟ ਅਨੁਸਾਰ ਹਿਮਾ ਨੂੰ ਨਾਡਾ ਨੇ ਆਪਣੀ ‘ਰਜਿਸਟਰਡ ਪ੍ਰੀਖਣ ਸੂਚੀ’ ਵਿੱਚ ਸਿਖਰਲੇ ਵਰਗ ਵਿੱਚ ਰੱਖਿਆ ਹੈ। ਇਸ ਤਹਿਤ ਇਸ 18 ਸਾਲਾ ਅਥਲੀਟ ਦਾ ਲਗਾਤਾਰ ਟੂਰਨਾਮੈਂਟ ਦੌਰਾਨ ਅਤੇ ਟੂਰਨਾਮੈਂਟ ਤੋਂ ਵੱਖਰੇ ਤੌਰ ’ਤੇ ਟੈਸਟ ਕੀਤਾ ਜਾ ਸਕਦਾ ਹੈ।
ਹਿਮਾ ਨੇ ਕਿਹਾ, ‘‘ਜੋ ਵੀ ਨਿਯਮ ਹਨ, ਸਾਨੂੰ ਉਨ੍ਹਾਂ ਦੀ ਪਾਲਣਾ ਕਰਨੀ ਹੋਵੇਗੀ। ਮੈਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਚੰਗੇ ਅਥਲੀਟਾਂ ਨਾਲ ਇਹ ਆਮ ਗੱਲ ਹੈ। ਇਹ ਚੰਗੇ ਅਥਲੀਟਾਂ ਦੇ ਫ਼ਾਇਦੇ ਲਈ ਹੀ ਹੈ।’’
ਏਸ਼ਿਆਈ ਖੇਡਾਂ ਵਿੱਚ ਚਾਰ ਗੁਣਾ 400 ਮੀਟਰ ਮਹਿਲਾ ਰਿਲੇਅ ਵਿੱਚ ਸੋਨਾ ਅਤੇ ਫਿਨਲੈਂਡ ਵਿੱਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਸੋਨ ਤਗ਼ਮਾ ਜਿੱਤਣ ਵਾਲੀ ਹਿਮਾ ਨੂੰ ਯੂਨੀਸੈਫ ਨੇ ਪਹਿਲੀ ਨੌਜਵਾਨ ਦੂਤ ਨਿਯੁਕਤ ਕੀਤਾ ਹੈ। ਹਿਮਾ ਨੇ ਕਿਹਾ ਕਿ ਉਸ ਦਾ ਟੀਚਾ ਆਪਣੇ ਸਮੇਂ ਵਿੱਚ ਲਗਾਤਾਰ ਸੁਧਾਰ ਕਰਨਾ ਹੈ। ਉਸ ਨੇ ਕਿਹਾ, ‘‘ਮੈਂ ਤਗ਼ਮਿਆਂ ਲਈ ਨਹੀਂ ਦੌੜਦੀ। ਮੈਂ ਆਪਣਾ ਸਮਾਂ ਬਿਹਤਰ ਕਰਨ ਲਈ ਦੌੜਦੀ ਹਾਂ। ਮੈਂ ਆਪਣਾ ਸਮਾਂ ਸੁਧਾਰਨ ’ਤੇ ਧਿਆਨ ਕੇਂਦਰਤਿ ਕਰਦੀ ਹਾਂ।’’

Previous articleCalifornia wildfires toll climbs to 58, over 130 missing
Next articleਸੁਨੀਲ ਛੇਤਰੀ ਦੀ ਥਾਂ ਕੋਈ ਨਹੀਂ ਲੈ ਸਕਦਾ: ਸਟੀਫਨ ਕੌਂਸਟੈਂਟਾਈਨ