ਕਾਂਗਰਸੀਆਂ ਨੇ ਪਿਛਲੀ ਅਕਾਲੀ ਸਰਕਾਰ ’ਤੇ ਤਿੰਨ ਹਜ਼ਾਰ ਕਰੋੜ ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਲਾਏ
ਚੰਡੀਗੜ੍ਹ– ਪੰਜਾਬ ਵਿਧਾਨ ਸਭਾ ਵਿੱਚ ਅੱਜ ਨਾਜਾਇਜ਼ ਮਾਈਨਿੰਗ ਦੇ ਮੁੱਦੇ ’ਤੇ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਿਚਾਲੇ ਤਿੱਖੀ ਸ਼ਬਦੀ ਜੰਗ ਹੋਈ। ਸਰਕਾਰੀ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਇੱਕ-ਦੂਜੇ ’ਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਦੇ ਦੋਸ਼ ਲਾਏ।
ਵਿਧਾਨ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਹਾਕਮ ਧਿਰ ਦੇ ਹੀ ਮੈਂਬਰ ਸੰਗਤ ਸਿੰਘ ਗਿਲਜੀਆਂ ਨੇ ਬਿਆਸ ਦਰਿਆ ਦੇ ਕੰਢਿਆਂ ’ਤੇ ਰੇਤ ਦੇ ਵਪਾਰੀਆਂ ਵੱਲੋਂ ਭਾਰ ਤੋਲਣ ਵਾਲੇ ਕੰਡੇ ਲਾਉਣ ਦਾ ਮੁੱਦਾ ਚੁੱਕਦਿਆਂ ਧਮਕੀ ਦਿੱਤੀ ਕਿ ਬਿਆਸ ਦਰਿਆ ਵਿੱਚੋਂ ਕਿਸੇ ਵੀ ਕੀਮਤ ’ਤੇ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਤੇ ਇਹ ਕੰਮ ਰੋਕਣ ਲਈ ਭਾਵੇਂ ਕੋਈ ਵੀ ਕੁਰਬਾਨੀ ਕਰਨੀ ਪਵੇ। ਇਸ ਦੇ ਜਵਾਬ ਵਿੱਚ ਸਿੰਜਾਈ ਤੇ ਮਾਈਨਿੰਗ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਜਿਨ੍ਹਾਂ ਖੱਡਾਂ ਦੀ ਅਧਿਕਾਰਤ ਤੌਰ ’ਤੇ ਨਿਲਾਮੀ ਕੀਤੀ ਗਈ ਹੈ, ਉਨ੍ਹਾਂ ਥਾਵਾਂ ’ਤੇ ਹੀ ਠੇਕੇਦਾਰਾਂ ਵੱਲੋਂ ਕੰਡੇ ਲਾਉਣ ਜਾਂ ਹੋਰ ਕਾਰਵਾਈ ਕੀਤੀ ਜਾ ਰਹੀ ਹੈ। ਸਿੰਜਾਈ ਮੰਤਰੀ ਨੇ ਅਕਾਲੀ ਦਲ ਦੇ ਵਿਧਾਇਕਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ 10 ਸਾਲਾਂ ਦੌਰਾਨ ਤਿੰਨ ਹਜ਼ਾਰ ਕਰੋੜ ਰੁਪਏ ਦੀ ਕਮਾਈ, ਜੋ ਸਰਕਾਰ ਨੂੰ ਰੇਤ ਤੋਂ ਹੋ ਸਕਦੀ ਸੀ, ਉਹ ਨਿੱਜੀ ਜੇਬਾਂ ਵਿੱਚ ਗਈ ਹੈ। ਸ੍ਰੀ ਸਰਕਾਰੀਆ ਨੇ ਅਕਾਲੀਆਂ ’ਤੇ ਰੇਤ ਦੇ ਨਾਮ ਉਪਰ ਤਿੰਨ ਹਜ਼ਾਰ ਕਰੋੜ ਰੁਪਏ ਦਾ ਸਰਕਾਰ ਨੂੰ ਚੂਨਾ ਲਾਉਣ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਲੰਘੇ ਸਾਲ ਰੇਤ ਦੀਆਂ ਖੱਡਾਂ ਦੀ ਨਿਲਾਮੀ 306 ਕਰੋੜ ਰੁਪਏ ’ਚ ਇੱਕ ਸਾਲ ਲਈ ਕੀਤੀ ਹੈ ਤੇ ਇਸ ਰਕਮ ਵਿੱਚ ਹਰ ਸਾਲ ਵਾਧਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬਾ ਸਰਕਾਰ ਨੂੰ ਰੇਤ ਤੋਂ 35 ਤੋਂ 40 ਕਰੋੜ ਰੁਪਏ ਕਮਾਈ ਹੁੰਦੀ ਸੀ।
ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਮੰਤਰੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਠੇਕੇਦਾਰ ਨੂੰ ਛੋਟਾਂ ਦਿੱਤੀਆਂ ਗਈਆਂ ਹਨ ਕਿ ਜਦੋਂ ਤੱਕ ਵਾਤਾਵਰਨ ਕਲੀਅਰੈਂਸ ਨਹੀਂ ਮਿਲਦੀ ਉਦੋਂ ਤੱਕ ਠੇਕੇਦਾਰ ਨੂੰ ਕਿਸ਼ਤਾਂ ਭਰਨ ਦੀ ਲੋੜ ਨਹੀਂ। ਸਿੱਟੇ ਵਜੋਂ ਠੇਕੇਦਾਰ ਬਿਨਾਂ ਪ੍ਰਵਾਨਗੀ ਤੋਂ ਹੀ ਸੈਂਕੜੇ ਏਕੜ ਜ਼ਮੀਨ ਵਿੱਚੋਂ ਰੇਤ ਦੀ ਅਣਅਧਿਕਾਰਤ ਤੌਰ ’ਤੇ ਨਿਕਾਸੀ ਕਰ ਰਹੇ ਹਨ। ਵਿਧਾਇਕ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਰੇਤ ਮਾਫੀਆ ਕਾਰਨ ਛੱਤਬੀੜ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਅਕਾਲੀ ਵਿਧਾਇਕਾਂ ਨੇ ਇਹ ਵੀ ਕਿਹਾ ਕਿ ਰੇਤ ਦੀਆਂ ਕੀਮਤਾਂ ਆਸਮਾਨੀਂ ਜਾ ਪਹੁੰਚੀਆਂ ਹਨ। ‘ਆਪ’ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਸਵਾਲ ’ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਨੂੰ 50 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਂਦੇ ਹਨ। ਮਾਸਟਰ ਬਲਦੇਵ ਸਿੰਘ ਦੇ ਸਪਲੀਮੈਂਟਰੀ ਸਵਾਲ ’ਤੇ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਕੁੱਲ 3,284 ਕੇਸਾਂ ਦੀ ਰਾਸ਼ੀ ਬਕਾਇਆ ਖੜ੍ਹੀ ਹੈ, ਜਿਨ੍ਹਾਂ ’ਚੋਂ ਇੱਕ ਹਜ਼ਾਰ ਨੂੰ ਇਹ ਰਾਸ਼ੀ ਤੁਰੰਤ ਜਾਰੀ ਕੀਤੀ ਜਾ ਰਹੀ ਹੈ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਸਰਕਾਰ ਅਜਿਹੇ ਕੇਸਾਂ ਨੂੰ ਗੰਭੀਰਤਾ ਨਾਲ ਲਵੇ ਤਾਂ ਜੋ ਅੰਤਰਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਕੇ ਸਮਾਜ ’ਚੋਂ ਜਾਤ-ਪਾਤ ਦਾ ਕੋਹੜ ਕੱਢਿਆ ਜਾ ਸਕੇ। ਗੜ੍ਹਸ਼ੰਕਰ ਤੋਂ ‘ਆਪ’ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਗੜ੍ਹਸ਼ੰਕਰ ਹਲਕੇ ਖ਼ਾਸ ਕਰਕੇ ਬੀਤ ਦੇ ਇਲਾਕੇ ’ਚ ਸਰਕਾਰੀ ਸਿਹਤ ਸੇਵਾਵਾਂ ਦੀ ਘਾਟ ਅਤੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹੋਣ ਬ ’ਤੇ ਭਰਨ ਦੀ ਪ੍ਰਕਿਰਿਆ ਜਾਰੀ ਹੈ। ਰੋੜੀ ਦੇ ਬੀਤ ਇਲਾਕੇ ’ਚ ਸਰਕਾਰੀ ਮੈਡੀਕਲ ਸਟਾਫ਼ ਦੀ ਕਮੀ ਬਾਰੇ ਸਪਲੀਮੈਂਟਰੀ ਸਵਾਲ ਦੇ ਜਵਾਬ ’ਚ ਮੰਤਰੀ ਨੇ ਮੰਨਿਆ ਕਿ ਡਾਕਟਰਾਂ ਦੀ ਵੱਡੀ ਘਾਟ ਹੈ, ਜਿਸ ਦਾ ਇੱਕ ਕਾਰਨ ਨੌਜਵਾਨ ਡਾਕਟਰਾਂ ਦਾ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਵੀ ਹੈ। ਮੰਤਰੀ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀਆਂ ਹੋਰ ਖ਼ਾਲੀ ਪਈਆਂ ਅਸਾਮੀਆਂ ਲਈ ਜਲਦੀ ਇੰਟਰਵਿਊ ਕੀਤੀ ਜਾ ਰਹੀ ਹੈ।