ਲੁਧਿਆਣਾ- ਸ਼ਹਿਰ ਨੂੰ ਟਰੈਫਿਕ ਮੁਕਤ ਬਣਾਉਣ ਲਈ ਨਗਰ ਨਿਗਮ ਦੇ ਨਾਲ ਮਿਲ ਕੇ ਕਬਜ਼ਾ ਹਟਾਓ ਮੁਹਿੰਮ ਚਲਾ ਪੁਲੀਸ ਨੇ ਕਾਫ਼ੀ ਸਖ਼ਤੀ ਕਰ ਦਿੱਤੀ ਹੈ। ਚਿਤਾਵਨੀ ਤੋਂ ਬਾਅਦ ਵੀ ਸੜਕ ਵਿੱਚ ਕਬਜ਼ਾ ਖਾਲੀ ਨਾ ਕਰਨ ਵਾਲੇ ਲੋਕਾਂ ’ਤੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਸ਼ਹਿਰ ਦੀ ਪੁਲੀਸ ਨੇ ਵੱਖ-ਵੱਖ ਥਾਣਿਆਂ ’ਚ ਅਜਿਹੇ 29 ਲੋਕਾਂ ਖਿਲਾਫ਼ ਕੇਸ ਦਰਜ ਕੀਤੇ ਹਨ ਜਿਨ੍ਹਾਂ ਪੁਲੀਸ ਦੀ ਚਿਤਾਵਨੀ ਤੋਂ ਬਾਅਦ ਕਬਜ਼ਾ ਨਹੀਂ ਛੱਡਿਆ ਸੀ। ਸਾਰੇ ਕਬਜ਼ਾਧਾਰੀਆਂ ’ਤੇ ਟਰੈਫਿਕ ’ਚ ਰੁਕਾਵਟ ਪਾਉਣ ਤੇ ਹੁਕਮ ਨਾ ਮੰਨਣ ਦਾ ਕੇਸ ਦਰਜ ਕੀਤਾ ਗਿਆ ਹੈ। ਸਾਰੇ ਕਬਜ਼ਾਧਾਰੀਆਂ ਨੇ ਥਾਣੇ ਪੁੱਜ ਕੇ ਆਪਣੀ ਜ਼ਮਾਨਤ ਕਰਵਾਈ। ਪੁਲੀਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਐਫ਼ਆਈਆਰ ਦਰਜ ਹੋਣ ਤੋਂ ਬਾਅਦ ਵੀ ਕਬਜ਼ਾਧਾਰੀਆਂ ਨੇ ਕਬਜ਼ਾ ਨਾ ਛੱਡਿਆ ਤਾਂ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਚਾਰ ਦਿਨ ਪਹਿਲਾਂ ਸ਼ਹਿਰ ਨੂੰ ਟਰੈਫਿਕ ਮੁਕਤ ਬਣਾਉਣ ਲਈ ਕਬਜ਼ਾ ਹਟਾਓ ਮੁਹਿੰਮ ਚਲਾਉਣ ਦੀ ਗੱਲ ਕੀਤੀ ਸੀ ਜਿਸ ’ਤੇ ਲੋਕਾਂ ਨੇ ਸਨਅਤੀ ਸ਼ਹਿਰ ਦੀਆਂ 12 ਅਜਿਹੀਆਂ ਸੜਕਾਂ ਚੁਣੀਆਂ ਸਨ, ਜਿੱਥੇ ਰੇਹੜੀ-ਫੜ੍ਹੀ ਤੇ ਦੁਕਾਨਦਾਰਾਂ ਕਾਰਨ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਤੋਂ ਬਾਅਦ ਪੁਲੀਸ ਕਮਿਸ਼ਨਰ ਨੇ ਮੁਹਿੰਮ ਦੀ ਤਿਆਰੀ ਕੀਤੀ ਤੇ ਚਿਤਾਵਨੀ ਜਾਰੀ ਕੀਤੀ ਕਿ ਪਹਿਲਾਂ ਨੋਟਿਸ ਦਿੱਤਾ ਜਾਵੇਗਾ। ਜੇਕਰ ਫਿਰ ਵੀ ਰੇਹੜੀ ਵਾਲਿਆਂ ਨੇ ਕਬਜ਼ਾ ਨਹੀਂ ਛੱਡਿਆ ਤਾਂ ਉਸ ’ਤੇ ਕੇਸ ਦਰਜ ਕੀਤਾ ਜਾਵੇਗਾ। ਜੇਕਰ ਉਸ ਤੋਂ ਬਾਅਦ ਵੀ ਕਬਜ਼ਾ ਨਹੀਂ ਛੱਡਿਆ ਗਿਆ ਤਾਂ ਜੇਲ੍ਹ ਵੀ ਭੇਜਿਆ ਜਾਵੇਗਾ। ਮਹਾਂਨਗਰ ਦੀਆਂ 12 ਅਜਿਹੀਆਂ ਸੜਕਾਂ, ਜਿੱਥੇ ਰੇਹੜੀ-ਫੜ੍ਹੀ ਤੇ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ਕਬਜ਼ਾ ਕਰ ਰੱਖਿਆ ਸੀ, ਜਿਸ ਕਾਰਨ 12 ਸੜਕਾਂ ’ਤੇ ਟਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ, ਪੁਲੀਸ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਥਾਣਾ ਇੰਚਾਰਜਾਂ ਨੇ ਖੁਦ ਚੈਕਿੰਗ ਕੀਤੀ। ਰੇਹੜੀ-ਫੜ੍ਹੀ ਤਾਂ ਇਨ੍ਹਾਂ ਦੁਕਾਨਾਂ ’ਤੇ ਲੱਗਣ ਨਹੀਂ ਦਿੱਤੀ ਜਾ ਰਹੀ, ਨਾਲ ਹੀ ਬਿਨਾਂ ਗੱਲ ਦੇ ਵਾਹਨ ਖੜ੍ਹਾ ਕਰਨ ਵਾਲੇ ਵਿਅਕਤੀ ’ਤੇ ਵੀ ਕਾਰਵਾਈ ਹੋ ਰਹੀ ਹੈ। ਥਾਣਾ ਇੰਚਾਰਜ ਵੀਰਵਾਰ ਨੂੰ ਪ੍ਰਮੁੱਖ ਬਾਜ਼ਾਰਾਂ ਦੀਆਂ ਸੜਕਾਂ ਖਾਲੀ ਕਰਵਾਉਂਦੇ ਦਿਖੇ ਤਾਂ ਕਿ ਟਰੈਫਿਕ ਸਹੀ ਢੰਗ ਨਾਲ ਚੱਲਦਾ ਰਹੇ।
INDIA ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪੁਲੀਸ ਸਖ਼ਤ