ਫਗਵਾੜਾ– ਸਿਟੀ ਪੁਲੀਸ ਨੇ ਚੋਰੀ ਦਾ ਸਰੀਆ ਖਰੀਦਣ ਦੇ ਮਾਮਲੇ ’ਚ ਇੱਕ ਕਾਂਗਰਸੀ ਆਗੂ ਸਮੇਤ 6 ਵਿਅਕਤੀਆਂ ਖਿਲਾਫ਼ ਧਾਰਾ 379, 411 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ’ਚ ਪੇਸ਼ ਕੀਤਾ ਹੈ ਜਿਸ ਦੌਰਾਨ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ।
ਐਸਐਚਓ ਵਿਜੈਕੁੰਵਰ ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਜਮਾਲਪੁਰ ਜੀ.ਟੀ.ਰੋਡ ’ਤੇ ਗਗਰੇਟ ਤੋਂ ਆਇਆ ਸਰੀਏ ਦਾ ਟਰੱਕ ਇੱਕ ਕਬਾੜੀਏ ਦੀ ਦੁਕਾਨ ’ਤੇ ਉੱਤਰ ਰਿਹਾ ਹੈ। ਇਸ ਸਬੰਧੀ ਇੰਸਪੈਕਟਰ ਮਨਜੀਤ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਛਾਪਾ ਮਾਰ ਕੇ ਟਰੱਕ ’ਚ ਪਿਆ ਅਤੇ ਹੇਠਾਂ ਉਤਾਰ ਕੇ ਰੱਖਿਆ ਸਰੀਆ ਕਾਬੂ ਕਰ ਲਿਆ। ਪੁਲੀਸ ਦੀ ਜਾਂਚ ਅਨੁਸਾਰ ਇਹ ਸਰੀਆ ਟਰੱਕ ਡਰਾਇਵਰ ਰਜਿੰਦਰ ਸਿੰਘ ਵਾਸੀ ਜਵਾਲੀ (ਜ਼ਿਲ੍ਹਾ ਕਾਂਗੜਾ) ਆਪਣੇ ਟਰੱਕ (ਐਚ.ਪੀ.72.ਸੀ.9742) ਰਾਹੀਂ ਗਗਰੇਟ ਦੀ ਸਰੀਆ ਫ਼ੈਕਟਰੀ ਪ੍ਰਬਲ ਸਟੀਲ ਤੋਂ ਟੀ.ਐਮ.ਟੀ ਦਾ 16 ਕੁਇੰਟਲ ਸਰੀਆ ਲੈ ਕੇ ਜਲੰਧਰ ਜਾਣਾ ਸੀ। ਡਰਾਈਵਰ ਨੇ ਫ਼ੈਕਟਰੀ ਦੇ ਕੁੱਝ ਕਾਮਿਆਂ ਦੀ ਮਿਲੀਭੁਗਤ ਨਾਲ 30 ਕੁਇੰਟਲ ਸਰੀਆ ਲੱਦ ਲਿਆ ਜੋ ਆਪਣਾ ਟਰੱਕ ਹੁਸ਼ਿਆਰਪੁਰ ਤੋਂ ਜਲੰਧਰ ਜਾਣ ਦੀ ਥਾਂ ਫਗਵਾੜਾ ਲੈ ਆਇਆ ਤੇ ਕਬਾੜੀਏ ਕੋਲ ਇਸ ’ਚੋਂ ਕਰੀਬ 6 ਕੁਇੰਟਲ ਸਰੀਆ ਉਤਾਰ ਦਿੱਤਾ। ਪੁਲੀਸ ਨੇ ਇਸ ਸਬੰਧ ’ਚ ਬਿੱਟੂ ਪੁੱਤਰ ਸ਼ਿੰਦਾ ਰਾਮ ਵਾਸੀ ਜਮਾਲਪੁਰ, ਮੀਕਾਰਾਮ ਵਾਸੀ ਜਮਾਲਪੁਰ, ਮਹਿੰਦਰ ਲਾਲ ਵਾਸੀ ਜਮਾਲਪੁਰ, ਮੁੰਨਾ ਕੁਮਾਰ ਵਾਸੀ ਜਮਾਲਪੁਰ, ਰਕੇਸ਼ ਕੁਮਾਰ ਵਾਸੀ ਖੇੜਾ, ਰਜਿੰਦਰ ਸਿੰਘ ਵਾਸੀ ਜਵਾਲਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੌਰਾਨ, ਇੱਥੋਂ ਦੇ ਕਈ ਪ੍ਰਮੁੱਖ ਕਾਂਗਰਸੀਆਂ ਜਿਨ੍ਹਾਂ ’ਚ ਦਲਜੀਤ ਰਾਜੂ, ਬੌਬੀ ਬੇਦੀ, ਅਵਤਾਰ ਪੰਡਵਾ ਆਦਿ ਨੇ ਉਸ ਸਮੇਂ ਇਸ ਦਾ ਵਿਰੋਧ ਕੀਤਾ। ਜਦੋਂ ਪੁਲੀਸ ਪਾਰਟੀ ਸਰੀਏ ਦਾ ਵਜ਼ਨ ਕਰਵਾਉਣ ਲਈ ਇਹ ਸਰੀਆ ਇੰਡਸਟਰੀ ਏਰੀਆ ਵਿੱਖੇ ਇੱਕ ਕੰਡੇ ’ਤੇ ਲੈ ਕੇ ਆਈ ਤਾਂ ਕਾਂਗਰਸੀਆਂ ਨੇ ਪੁਲੀਸ ਦੀ ਕਾਰਗੁਜ਼ਾਰੀ ਦਾ ਤਿੱਖਾ ਵਿਰੋਧ ਕੀਤਾ ਅਤੇ ਕਿਹਾ ਕਿ ਸਰੀਆ ਗਲਤ ਤਰੀਕੇ ਨਾਲ ਬਿੱਟੂ ਦੇ ਸਿਰ ਮੜ੍ਹਿਆ ਜਾ ਰਿਹਾ ਹੈ ਤੇ ਸਿਆਸੀ ਰੰਜਿਸ਼ ਕੱਢੀ ਜਾ ਰਹੀ ਹੈ। ਇਸ ਦੌਰਾਨ ਪੁਲੀਸ ਤੇ ਕਾਂਗਰਸੀਆਂ ਵਿਚਕਾਰ ਹਲਕੀ ਧੱਕਾਮੁੱਕੀ ਵੀ ਹੋਈ ਅਤੇ ਰਾਜੂ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਬਿੱਟੂ ਕੋਲ 1 ਲੱਖ ਰੁਪਇਆ ਪ੍ਰਤੀ ਮਹੀਨਾ ਵਸੂਲੀ ਦੀ ਮੰਗ ਕੀਤੀ ਹੈ। ਇਸ ਉਪਰੰਤ ਕਾਂਗਰਸੀ ਥਾਣਾ ਸਿਟੀ ਦੇ ਬਾਹਰ ਧਰਨਾ ਲਗਾਉਣ ਲਈ ਰਵਾਨਾ ਹੋ ਗਏ ਪਰ ਇਸ ਦੀ ਸੂਚਨਾ ਮਿਲਦੇ ਸਾਰ ਐਸਪੀ ਮਨਵਿੰਦਰ ਸਿੰਘ ਥਾਣਾ ਸਿਟੀ ਖੁਦ ਪਹੁੰਚ ਗਏ ਅਤੇ ਧਰਨਾਕਾਰੀ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਇਸ ਦੀ ਜਾਂਚ ਕਰਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ।
ਉਧਰ ਜਦੋਂ ਕਾਂਗਰਸੀ ਬਿੱਟੂ ਜਮਾਲਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਸਾਰੀ ਕਹਾਣੀ ਰਚੀ ਗਈ ਹੈ ਜਦਕਿ ਉਹ ਤਾਂ ਹੋਰ ਵਿਅਕਤੀਆਂ ਨੂੰ ਛੁਡਾਉਣ ਲਈ ਚੌਕੀ ਗਿਆ ਸੀ ਜਿੱਥੇ ਪੁਲੀਸ ਨੇ ਉਸ ਨੂੰ ਫੜ ਲਿਆ। ਉਨ੍ਹਾਂ ਕਿਹਾ ਕਿ ਐਸਪੀ ਮਨਵਿੰਦਰ ਸਿੰਘ ਨੇ ਉਸ ਪਾਸੋਂ ਛੱਡਣ ਲਈ 1 ਲੱਖ ਰੁਪਏ ਦੀ ਮੰਗ ਕੀਤੀ।
ਇਸ ਸਬੰਧੀ ਜਦੋਂ ਐਸ.ਪੀ. ਮਨਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ । ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
INDIA ਨਾਜਾਇਜ਼ ਸਰੀਆ ਖਰੀਦਣ ਦੇ ਦੋਸ਼ ਹੇਠ ਕਾਂਗਰਸ ਆਗੂ ਸਣੇ ਛੇ ਗ੍ਰਿਫ਼ਤਾਰ