ਸੋਹਾਣਾ ਪੁਲੀਸ ਨੇ ਦੋ ਵੱਖ ਵੱਖ ਥਾਵਾਂ ’ਤੇ ਨਾਕਾਬੰਦੀ ਦੌਰਾਨ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 243 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਮੁਲਜ਼ਮਾਂ ਦਾ ਇੱਕ ਟਰੱਕ ਵੀ ਕਬਜ਼ੇ ਵਿੱਚ ਲਿਆ ਹੈ ਜਿਸ ਵਿੱਚ ਇਹ ਸ਼ਰਾਬ ਲੱਦ ਕੇ ਕਪੂਰਥਲਾ ਲਿਜਾਈ ਜਾ ਰਹੀ ਸੀ। ਸੋਹਾਣਾ ਥਾਣਾ ਦੇ ਮੁਖੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਚਾਲਕ ਦੀਪਕ ਸ਼ਰਮਾ ਵਾਸੀ ਲਾਹੌਰ ਗੇਟ ਕਪੂਰਥਲਾ ਅਤੇ ਨਾਲ ਬੈਠੇ ਵਿਅਕਤੀ ਅਨਿਲ ਸ਼ਰਮਾ ਵਾਸੀ ਕਪੂਰਥਲਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੋਹਾਣਾ ਪੁਲੀਸ ਵੱਲੋਂ ਮੁਹਾਲੀ ਏਅਰਪੋਰਟ ਸੜਕ ’ਤੇ ਸੈਕਟਰ-81 ਵਾਲੇ ਪਾਸੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਚੰਡੀਗੜ੍ਹ ਵੱਲੋਂ ਆ ਰਹੇ ਟਰੱਕ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਟਰੱਕ ਵਿੱਚੋਂ 231 ਪੇਟੀਆਂ (2772 ਬੋਤਲਾਂ) ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਜਾਂਚ ਅਧਿਕਾਰੀ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਹ ਸੂਚਨਾ ਮਿਲੀ ਸੀ ਕਿ ਅਨਿਲ ਸ਼ਰਮਾ, ਦੀਪਕ ਸ਼ਰਮਾ, ਸਨੀ ਤੇ ਬੋਨੀ ਚੰਡੀਗੜ੍ਹ ਤੋਂ ਸਸਤੇ ਭਾਅ ’ਤੇ ਸ਼ਰਾਬ ਲੈ ਕੇ ਕਪੂਰਥਲਾ ਲਿਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਾਕੇ ’ਤੇ ਸਿਰਫ਼ ਦੋ ਵਿਅਕਤੀ ਕਾਬੂ ਆਏ, ਜਦੋਂਕਿ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਾਬੂ ਕੀਤੇ ਵਿਅਕਤੀਆਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸੇ ਦੌਰਾਨ ਸੋਹਾਣਾ ਪੁਲੀਸ ਨੇ ਲਖਨੌਰ ਟੀ-ਪੁਆਂਇੰਟ ਉੱਤੇ ਨਾਕਾਬੰਦੀ ਦੌਰਾਨ ਐਕਟਿਵਾ ਸਕੂਟਰ ’ਤੇ ਜਾ ਰਹੇ ਦੋ ਵਿਅਕਤੀਆਂ ਮਨਪ੍ਰੀਤ ਸਿੰਘ ਅਤੇ ਆਕੁਸ਼ ਕੁਮਾਰ ਵਾਸੀ ਸਰਹਿੰਦ ਨੂੰ ਕਾਬੂ ਕਰਕੇ 12 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਐਕਟਿਵਾ ਚਾਲਕ ਦੇ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
INDIA ਨਾਜਾਇਜ਼ ਸ਼ਰਾਬ ਦੀਆਂ 243 ਪੇਟੀਆਂ ਸਣੇ ਚਾਰ ਗ੍ਰਿਫ਼ਤਾਰ