ਕੋਹਿਮਾ (ਸਮਾਜ ਵੀਕਲੀ) : ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ (ਐੱਨਐੱਸਸੀਐੱਨ-ਆਈਐੱਮ) ਨੇ ਸੂਬੇ ਦੇ ਰਾਜਪਾਲ ਤੇ ਨਾਗਾ ਸ਼ਾਂਤੀ ਵਾਰਤਾ ਲਈ ਕੇਂਦਰ ਵੱਲੋਂ ਭੇਜੇ ਵਾਰਤਾਕਾਰ ਆਰ.ਐੱਨ.ਰਵੀ ਵੱਲੋਂ ਸਿਆਸੀ ਗੱਲਬਾਤ ਖ਼ਤਮ ਹੋਣ ਦੇ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਪਾਰਟੀ ਨੇ ਰਾਜਪਾਲ ਦੇ ਇਨ੍ਹਾਂ ਦਾਅਵਿਆਂ ਨੂੰ ‘ਬੇਤੁਕਾ’ ਕਰਾਰ ਦਿੰਦਿਆਂ ਕਿਹਾ ਕਿ ਉਹ ਮੁੜ ਗੱਲਬਾਤ ਦੀ ਮੇਜ਼ ’ਤੇ ਹਨ।
ਨਾਗਾ ਗਰੁੱਪ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਅਜਿਹੇ ਕਿਸੇ ਕਰਾਰ ’ਤੇ ਸਹੀ ਨਹੀਂ ਪਾਉਣਗੇ, ਜਿਸ ਵਿੱਚ ‘ਆਪਸੀ ਸਹਿਮਤੀ ਨਾਲ ਬਣੇ ਨੁਕਤੇ ਸ਼ਾਮਲ ਨਾ ਹੋਏ।’ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਾਗਾਲੈਂਡ ਦੇ ਰਾਜਪਾਲ ਨੇ ਹਾਲ ਹੀ ਵਿੱਚ ਸੂਬਾ ਅਸੈਂਬਲੀ ’ਚ ਬੇਤੁਕਾ ਬਿਆਨ ਦਿੱਤਾ ਸੀ ਕਿ ਇੰਡੋ-ਨਾਗਾ ਸਿਆਸੀ ਗੱਲਬਾਤ ਖ਼ਤਮ ਹੋ ਚੁੱਕੀ ਹੈ। ਐੱਨਐੱਸਸੀਐੱਨ (ਆਈਐੱਮ) ਨੇ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਵਾਰਤਾਕਾਰ ਵਜੋਂ ਰਵੀ ਦੀ ਭੂਮਿਕਾ ਨਿਰਾਸ਼ਾਜਨਕ ਰਹੀ ਹੈ।
ਪਾਰਟੀ ਦੇ ਜ਼ੋਰ ਦੇ ਕੇ ਆਖਿਆ ਕਿ ਰਵੀ ਇਸ ਮੁੱਦੇ ਬਾਰੇ ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਬਾਰੇ ਚੌਕਸ ਰਹਿਣ। ਪਾਰਟੀ ਨੇ ਕਿਹਾ ਕਿ ਉਹ ਇਸ ਮਸਲੇ ਦੇ ਸਨਮਾਨਜਨਕ ਹੱਲ ਦੇ ਮੁਦਈ ਹਨ, ਜੋ ਕੇਂਦਰ ਦੇ ਨਾਲ ਨਾਗਾ ਲੋਕਾਂ ਨੂੰ ਵੀ ਸਵੀਕਾਰ ਹੋਵੇੇ। ਰਵੀ ਨੇ ਪਿਛਲੇ ਮਹੀਨੇ ਅਸੈਂਬਲੀ ’ਚ ਕਿਹਾ ਸੀ ਕਿ ਕੇਂਦਰ ਤੇ ਨਾਗਾ ਜਥੇਬੰਦੀਆਂ ਦਰਮਿਆਨ ਗੱਲਬਾਤ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਲੋੜ ਹੈ ਕਿ ਤੇਜ਼ੀ ਨਾਲ ਅੱਗੇ ਵਧਦਿਆਂ ਕੋਈ ‘ਆਖਰੀ ਹੱਲ’ ਕੱਢਿਆ ਜਾਵੇ।