ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਨਾਗਰਿਕਤਾ (ਸੋਧ) ਬਿੱਲ (ਸੀਏਬੀ) ਨੂੰ ‘ਪ੍ਰਤੱਖ ਤੌਰ ’ਤੇ ਗੈਰਸੰਵਿਧਾਨਕ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਧ ਬਿੱਲ ਦੇ ਲੋਕ ਸਭਾ ਵਿੱਚ ਪਾਸ ਹੋਣ ਮਗਰੋਂ ਹੁਣ ਅਗਲੀ ਲੜਾਈ ਸੁਪਰੀਮ ਕੋਰਟ ਵਿੱਚ ਤਬਦੀਲ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਚੁਣੇ ਹੋਏ ਕਾਨੂੰਨਸਾਜ਼ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਕੀਲਾਂ ਤੇ ਜੱਜਾਂ ਦੇ ਮੋਢਿਆਂ ’ਤੇ ਸੁੱਟ ਰਹੇ ਹਨ। ਚਿਦੰਬਰਮ ਨੇ ਇਕ ਟਵੀਟ ’ਚ ਕਿਹਾ, ‘ਸੀਏਬੀ ਗ਼ੈਰਸੰਵਿਧਾਨਕ ਹੈ। ਸੰਸਦ ਨੇ ਇਕ ਅਜਿਹਾ ਬਿੱਲ ਪਾਸ ਕੀਤਾ, ਜੋ ਪ੍ਰਤੱਖ ਤੌਰ ’ਤੇ ਗ਼ੈਰਸੰਵਿਧਾਨਕ ਹੈ ਤੇ ਹੁਣ ਅਗਲੀ ਲੜਾਈ ਸੁਪਰੀਮ ਕੋਰਟ ’ਚ ਲੜੀ ਜਾਵੇਗੀ।’ ਉਨ੍ਹਾਂ ਇਕ ਵੱਖਰੇ ਟਵੀਟ ’ਚ ਕਿਹਾ, ‘ਅਸੀਂ ਇਕ ਪਾਰਟੀ ਨੂੰ ਪ੍ਰਚੰਡ ਬਹੁਮੱਤ ਦੇਣ ਦੀ ਕੀਮਤ ਅਦਾ ਕਰ ਰਹੇ ਹਾਂ। ਅੱਗੋਂ ਸਰਕਾਰ ਇਸ ਬਹੁਮੱਤ ਨੂੰ ਰਾਜਾਂ ਤੇ ਲੋਕਾਂ ਦੀਆਂ ਇੱਛਾਵਾਂ ਨੂੰ ਪੈਰਾ ਹੇਠ ਮਿੱਧਣ ਲਈ ਵਰਤ ਰਹੀ ਹੈ।