ਨਵੀਂ ਦਿੱਲੀ : ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਦੇ ਵਿਰੋਧ ਵਿਚ ਵੀਰਵਾਰ ਨੂੰ ਕਈ ਸੂਬਿਆਂ ਵਿਚ ਵਿਰੋਧ ਪ੍ਰਦਰਸ਼ਨ ਹੋਏ। ਇਸ ਦੌਰਾਨ ਉੱਤਰ ਪ੍ਰਦੇਸ਼ ਵਿਚ ਮਾਹੌਲ ਕਾਫ਼ੀ ਗਰਮਾ ਗਿਆ।
ਇੱਥੇ ਵਿਰੋਧ ਪ੍ਰਦਰਸ਼ਨ ਦੇ ਨਾਂ ‘ਤੇ ਭੰਨਤੋੜ ਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਕਈ ਪੁਲਿਸ ਮੁਲਾਜ਼ਮ ਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਹਿੰਸਕ ਝੜਪ ਦਰਮਿਆਨ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਬਿਹਾਰ, ਪੱਛਮੀ ਬੰਗਾਲ, ਅਸਾਮ ਤੇ ਮੇਘਾਲਿਆ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਲੋਕ ਸੜਕਾਂ ‘ਤੇ ਨਜ਼ਰ ਆਏ ਪਰ ਹਿੰਸਾ ਦੀਆਂ ਘਟਨਾਵਾਂ ਨਹੀਂ ਵਾਪਰੀਆਂ। ਬੈਂਗਲੁਰੂ, ਮੁੰਬਈ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਵੀ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਹੋਏ। ਉੱਤਰ ਪ੍ਰਦੇਸ਼ ਵਿਚ ਹੋਈ ਹਿੰਸਾ ‘ਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਦੀ ਪੂਰਤੀ ਹੰਗਾਮਾਕਾਰੀਆਂ ਦੀ ਜਾਇਦਾਦ ਨੂੰ ਨਿਲਾਮ ਕਰਵਾ ਕੇ ਕੀਤੀ ਜਾਵੇਗੀ।
ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਸੱਦੇ ‘ਤੇ ਨਾਗਰਿਕਤਾ ਸੋਧ ਕਾਨੂੰਨ ਦੇ ਨਾਂ ‘ਤੇ ਦਿੱਤੇ ਗਏ ਵਿਰੋਧ ਪ੍ਰਦਰਸ਼ਨ ਦੇ ਸੱਦੇ ਦੀ ਅੱਗ ਵੀਰਵਾਰ ਨੂੰ ਰਾਜਧਾਨੀ ਲਖਨਊ ਸਮੇਤ ਕਈ ਜ਼ਿਲਿ੍ਆਂ ਵਿਚ ਫੈਲ ਗਈ। ਲਖਨਊ ਵਿਚ ਵਿਰੋਧ ਪ੍ਰਦਰਸ਼ਨ ਦੁਪਹਿਰ ਹੁੰਦਿਆਂ-ਹੁੰਦਿਆਂ ਅਗਜ਼ਨੀ, ਭੰਨਤੋੜ, ਪਥਰਾਅ ਤੇ ਫਾਇਰਿੰਗ ਵਿਚ ਤਬਦੀਲ ਹੋ ਗਿਆ। ਹੰਗਾਮਕਾਰੀਆਂ ਨੇ ਦਰਜਨਾਂ ਸਰਕਾਰੀ ਤੇ ਨਿੱਜੀ ਗੱਡੀਆਂ ਨੂੰ ਅੱਗ ਲਾ ਦਿੱਤੀ।
ਪੁਰਾਣੇ ਸ਼ਹਿਰ ਵਿਚ ਦੋ ਪੁਲਿਸ ਚੌਕੀਆਂ ਫੂਕ ਦਿੱਤੀਆਂ ਗਈਆਂ। ਹਿੰਸਾ ਵਿਚ ਹੁਸੈਨਾਬਾਦ ਇਲਾਕੇ ਵਿਚ ਮੁਹੰਮਦ ਵਕੀਲ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੋਲ਼ੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਉਧਰ ਸੰਭਲ ਵਿਚ ਵਿਰੋਧ ਨੇ ਹਿੰਸਕ ਰੂਪ ਧਾਰਨ ਕਰ ਲਿਆ ਤੇ ਹੰਗਾਮਾਕਾਰੀਆਂ ਨੇ ਤਿੰਨ ਬੱਸਾਂ ਨੂੰ ਸਾੜ ਦਿੱਤਾ। ਇਸ ਤੋਂ ਇਲਾਵਾ ਚੌਧਰੀ ਸਰਾਏ ਚੌਕੀ ਵਿਚ ਪਥਰਾਅ ਕੀਤਾ। ਪੁਲਿਸ ਨੂੰ ਹੰਗਾਮਾਕਾਰੀਆਂ ਨੂੰ ਕਾਬੂ ਕਰਨ ਲਈ ਫਾਇਰਿੰਗ ਕਰਨੀ ਪਈ। ਸੂਬੇ ਦੇ ਹੋਰਨਾਂ ਜ਼ਿਲਿ੍ਹਆਂ ਵਿਚ ਵੀ ਲੋਕ ਪਾਬੰਦੀਆਂ ਤੋੜ ਕੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਲਖਨਊ ਵਿਚ ਪਰਿਵਰਤਨ ਚੌਕ ‘ਤੇ ਕਈ ਓਬੀ ਵੈਨਾਂ ਵੀ ਨਿਸ਼ਾਨਾ ਬਣੀਆਂ। ਜਨਤਕ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।
ਪਥਰਾਅ ਵਿਚ ਏਡੀਜੀ ਜ਼ੋਨ, ਆਈਜੀ ਰੇਂਜ, ਐੱਸਪੀ ਟ੍ਰੈਫਿਕ, ਸੀਓ ਹਜਰਤਗੰਜ ਸਮੇਤ 70 ਤੋਂ ਜ਼ਿਆਦਾ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਕੁਝ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸ਼ਹਿਰ ਵਿਚ ਕਰਫਿਊ ਵਰਗੇ ਹਾਲਾਤ ਹਨ। ਲੋਕ ਦਹਿਸ਼ਤ ਦੇ ਚੱਲਦਿਆਂ ਛੇਤੀ ਹੀ ਘਰਾਂ ਨੂੰ ਨਿਕਲ ਗਏ। ਯੂਨੀਵਰਸਿਟੀ ਦੀਆਂ ਪ੍ਰੀਖਿਆ ਰੱਦ ਕਰ ਦਿੱਤੀਆਂ ਗਈਆਂ ਹਨ। ਇੱਥੇ ਬਹੁਤ ਸਾਰੇ ਹੰਗਾਮਾਕਾਰੀ ਅਲੀਗੜ੍ਹ ਤੇ ਦਿੱਲੀ ਤੋਂ ਪੁਲਿਸ ਨੂੰ ਝਕਾਨੀ ਦੇ ਕੇ ਪੁੱਜੇ ਸਨ।
ਹਸਨਗੰਜ ਵਿਚ ਹੰਗਾਮਾਕਾਰੀਆਂ ਦੀ ਭੀੜ ਨੇ ਪੁਲਿਸ ਚੌਕੀ ਸਾਹਮਣੇ ਖੜ੍ਹੇ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ। ਠਾਕੁਰਗੰਜ ਥਾਣਾ ਖੇਤਰ ਦੀ ਸੱਤਖੰਡਾ ਪੁਲਿਸ ਚੌਕੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਉੱਧਰ ਹਸਨਗੰਡ ਵਿਚ ਮਦੇਯਗੰਜ ਪੁਲਿਸ ਚੌਕੀ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗ ਲਾ ਦਿੱਤੀ। ਇੱਥੇ ਕਈ ਇਲਾਕਿਆਂ ਵਿਚ ਹੰਗਾਮਾਕਾਰੀਆਂ ਨੇ ਘਰਾਂ ਵਿਚੋਂ ਪੁਲਿਸ ‘ਤੇ ਪਥਰਾਅ ਕੀਤਾ। ਸ਼ਾਮ ਤਕ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਜਾਰੀ ਸੀ। 35 ਹੰਗਾਮਕਾਰੀਆਂ ਨੂੰ ਗਿ੍ਫ਼ਤਾਰ ਕਰ ਕੇ ਪੁਲਿਸ ਨੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ।
ਅਯੁੱਧਿਆ, ਗੋਂਡਾ, ਬਹਿਰਾਈਚ, ਬਾਰਾਬਾਂਕੀ, ਲਖੀਮਪੁਰ, ਬਲਰਾਮਪੁਰ, ਰਾਏਬਰੇਲੀ ਤੇ ਸ਼੍ਰਾਵਸਤੀ ਵਿਚ ਪ੍ਰਦਰਸ਼ਨ ਤੋਂ ਪਹਿਲਾਂ ਸਪਾ ਦੇ ਕਈ ਲੋਕ ਗਿ੍ਫ਼ਤਾਰ ਕਰ ਲਏ ਗਏ। ਸੰਭਲ ਵਿਚ ਹਿੰਸਕ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਨੂੰ ਦਿਨ ਭਰ ਜੂਝਣਾ ਪਿਆ। ਸਮਾਜਵਾਦੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਫਿਰੋਜ਼ ਖ਼ਾਂ ਨੂੰ ਸਵੇਰ ਤੋਂ ਹੀ ਨਜ਼ਰਬੰਦ ਕਰ ਦਿੱਤਾ ਗਿਆ। ਰਾਮਪੁਰ ਵਿਚ ਸੰਸਦ ਮੈਂਬਰ ਆਜ਼ਮ ਖ਼ਾਨ ਤੇ ਹੋਰਨਾਂ ਸਪਾ ਆਗੂਆਂ ਤੇ ਵਰਕਰਾਂ ਨੇ ਦਫ਼ਤਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਰਾਮਪੁਰ ਸ਼ਹਿਰ ਦੇ ਇਮਾਮ ਸਮੇਤ ਉਲੇਮਾਵਾਂ ਨੇ 21 ਦਸੰਬਰ ਨੂੰ ਰਾਮਪੁਰ ਬੰਦ ਦਾ ਐਲਾਨ ਕੀਤਾ ਹੈ। ਪੀਲੀਭੀਤ ਵਿਚ ਧਨਾ ਦੇਣ ਜਾ ਰਹੇ 93 ਸਪਾ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਉਧਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਜ਼ਬਰਦਸਤ ਰੋਸ ਪ੍ਰਦਰਸ਼ਨ ਹੋਇਆ। ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਵਿਚ ਸਿਆਸੀ ਪਾਰਟੀਆਂ ਦੇ ਵਰਕਰ, ਸਥਾਨਕ ਲੋਕ ਤੇ ਵਿਦਿਆਰਥੀ-ਵਿਦਿਆਰਥਣਾਂ ਸ਼ਾਮਲ ਹੋਈਆਂ। ਪੁਲਿਸ ਦੀ ਪ੍ਰਵਾਨਗੀ ਤੋਂ ਬਿਨਾਂ ਲਾਲ ਕਿਲ੍ਹਾ, ਮੰਡੀ ਹਾਊਸ ਤੇ ਜੰਤਰ-ਮੰਤਰ ‘ਤੇ ਸੈਂਕੜੇ ਲੋਕਾਂ ਨੇ ਵਿਰੋਧ ਦਰਜ ਕਰਵਾਇਆ। ਇਸ ਦੌਰਾਨ ਇਹਤਿਆਤਨ 20 ਮੈਟਰੋ ਸਟੇਸ਼ਨ ਬੰਦ ਰੱਖੇ ਗਏ ਤੇ ਵੱਖ-ਵੱਖ ਇਲਾਕਿਆਂ ਵਿਚ ਮੋਬਾਈਲ ਇੰਟਰਨੈੱਟ ਤੇ ਐੱਸਐੱਮਐੱਸ ਸੇਵਾ ਵੀ ਬੰਦ ਕਰ ਦਿੱਤੀ ਗਈ।
ਮੈਟਰੋ ਸਟੇਸ਼ਨ ਬੰਦ ਹੋਣ ਨਾਲ ਆਪਣੇ ਦਫ਼ਤਰਾਂ ਤੇ ਹੋਰਨਾਂ ਕੰਮਾਂਕਾਰਾਂ ‘ਤੇ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪਿਆ। ਬਿਨਾਂ ਇਜਾਜ਼ਤ ਪ੍ਰਦਰਸ਼ਨ ਕਰਨ ਤੇ ਧਾਰਾ 144 ਲੱਗੀ ਹੋਣ ਕਾਰਨ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ, ਕਾਂਗਰਸ ਦੇ ਸਾਬਕਾ ਐੱਮਪੀ ਸੰਦੀਪ ਦੀਕਸ਼ਤ ਤੇ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖ਼ਾਲਿਦ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸ਼ਾਮ ਨੂੰ ਸਾਰੇ ਰਿਹਾਅ ਕਰ ਦਿੱਤੇ ਗਏ। ਦਿੱਲੀ ਦੀਆਂ ਹੱਦਾਂ ‘ਤੇ ਪੁਲਿਸ ਦੀ ਜਾਂਚ ਕਾਰਨ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ ਵੇਅ ਤੇ ਯੂਪੀ ਗੇਟ ਕੋਲ ਦਿੱਲੀ ਦੀ ਹੱਦ ‘ਤੇ ਭਾਰੀ ਜਾਮ ਲੱਗ ਗਿਆ। ਦੱਖਣੀ ਦਿੱਲੀ ਦੇ ਜਾਮੀਆ ਤੇ ਸ਼ਾਹੀਨ ਬਾਗ਼ ਇਲਾਕੇ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਜਾਰੀ ਰਿਹਾ। ਇਨ੍ਹਾਂ ਇਲਾਕਿਆਂ ਵਿਚ ਵੀ ਇਹਤਿਆਤਨ ਮੈਟਰੋ ਸਟੇਸ਼ਨ ਬੰਦ ਕਰਨ ਦੇ ਨਾਲ-ਨਾਲ ਮੋਬਾਈਲ ਨੈੱਟਵਰਕ ਬੰਦ ਕਰ ਦਿੱਤਾ ਗਿਆ।
ਦੂਜੇ ਪਾਸੇ, ਰਾਜਘਾਟ ‘ਤੇ ਵੱਡੀ ਗਿਣਤੀ ਵਿਚ ਹਿੰਦੂ ਸ਼ਰਨਾਰਥੀਆਂ ਨੇ ਨਵੇਂ ਕਾਨੂੰਨ ਦੇ ਸਮਰਥਨ ‘ਚ ਪ੍ਰਦਰਸ਼ਨ ਕੀਤਾ। ਮਜਨੂੰ ਕਾ ਟਿੱਲਾ, ਆਦਰਸ਼ ਨਗਰ, ਰੋਹਿਣੀ ਸੈਕਟਰ-11 ਦੇ ਕੈਂਪਾਂ ਦੇ ਇਹ ਸ਼ਰਨਾਰਥੀ ਬੱਚਿਆਂ ਨਾਲ ਰਾਜਘਾਟ ਪੁੱਜੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ। ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਪ੍ਰਦਰਸ਼ਨਕਾਰੀਆਂ ਨੇ ਹੰਗਾਮਾ ਕੀਤਾ। ਪਿਛਲੇ ਪੰਜ ਦਿਨਾਂ ਤੋਂ ਬੰਗਾਲ ਦੇ ਛੇ ਜ਼ਿਲਿ੍ਆਂ ਵਿਚ ਬੰਦ ਸੇਵਾਵਾਂ ਨੂੰ ਵੀਰਵਾਰ ਨੂੰ ਕੁਝ ਇਲਾਕਿਆਂ ਬਹਾਲ ਕਰ ਦਿੱਤਾ ਗਿਆ। ਹਾਵੜਾ ਜ਼ਿਲ੍ਹੇ ਤੋਂ ਇਲਾਵਾ ਦਾੱਖਣ 24 ਪਰਗਣਾ ਦੇ ਬਾਰਰੁਈਪੁਰ ਤੇ ਕੈਨਿੰਗ ਸਬ ਡਵੀਜ਼ਨ ਵਿਚ ਇੰਟਰਨੈੱਸ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।