ਨਾਗਰਿਕਤਾ ਸੋਧ ਕਾਨੂੰਨ: ਵਿਦਿਆਰਥੀ ਜਥੇਬੰਦੀਆਂ ਆਹਮੋ-ਸਾਹਮਣੇ

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਅੱਜ ਜਿੱਥੇ ‘ਮੋਦੀ ਸਰਕਾਰ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ, ਉਸ ਦੇ ਨਾਲ ਹੀ ਖੱਬੇ ਪੱਖੀ ਵਿਦਿਆਰਥੀ ਜੱਥੇਬੰਦੀਆਂ ਵੱਲੋਂ ‘ਮੋਦੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਾਏ ਗਏ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਏੇਬੀਵੀਪੀ ਅਤੇ ਐਨਐੱਸਯੂਆਈ ਜਥੇਬੰਦੀਆਂ ਦੇ ਆਗੂ ਆਹਮੋ-ਸਾਹਮਣੇ ਹੋ ਗਏ ਤੇ ਪੀਯੂ ਦਾ ਮਾਹੌਲ ਗਰਮਾ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੂੰ ਵੱਖ-ਵੱਖ ਕੀਤਾ ਅਤੇ ਕੁਝ ਵਿਦਿਆਰਥੀਆਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਵੇਰਵਿਆਂ ਅਨੁਸਾਰ ਕਾਂਗਰਸ ਪਾਰਟੀ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਐਨ.ਐੱਸ.ਯੂ.ਆਈ. ਵੱਲੋਂ ਵਿਦਿਆਰਥੀ ਕੇਂਦਰ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐਨ.ਐਸ.ਯੂ.ਆਈ. ਦੇ ਉਪ-ਪ੍ਰਧਾਨ ਰਾਹੁਲ ਕੁਮਾਰ ਸਮੇਤ ਕਈ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਇਹ ਬਿੱਲ ਦੇਸ਼ ਵਿਚ ਧਰਮ ਨਿਰਪੱਖਤਾ ਵਾਲੇ ਢਾਂਚੇ ਨੂੰ ਖ਼ਤਮ ਕਰ ਦੇਵੇਗਾ। ਉਨ੍ਹਾਂ ਜਾਮੀਆ ਮਿਲੀਆ ਯੂਨੀਵਰਸਿਟੀ ਨਵੀਂ ਦਿੱਲੀ ਵਿਖੇ ਬੀਤੇ ਦਿਨੀਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਦਿੱਲੀ ਪੁਲੀਸ ਵੱਲੋਂ ਢਾਹੇ ਕਹਿਰ ਦੀ ਨਿੰਦਾ ਕੀਤਾ। ਪ੍ਰਦਰਸ਼ਨ ਵਿਚ ਸ਼ਾਮਿਲ ਵਿਦਿਆਰਥੀਆਂ ਵੱਲੋਂ ਮੋਦੀ ਸਰਕਾਰ ਮੁਰਦਾਬਾਦ ਅਤੇ ਦਿੱਲੀ ਪੁਲੀਸ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਉਪਰੰਤ ਪੁਲੀਸ ਨੇ ਰਾਹੁਲ ਕੁਮਾਰ, ਅਤਿੰਦਰਜੀਤ ਸਿੰਘ ਰੌਬੀ, ਸਰਵੋਤਮ ਰਾਣਾ, ਆਸ਼ੀਸ਼ਪਾਲ, ਅਨੁਜ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਦੀ ਪੀਯੂ ਇਕਾਈ ਵੱਲੋਂ ਅੱਜ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਰੈਲੀ ਕੀਤੀ ਗਈ। ਗਰਲਜ਼ ਹੋਸਟਲ ਨੰਬਰ 4 ਤੋਂ ਸ਼ੁਰੂ ਹੋਈ ਇਹ ਰੈਲੀ ਵਿਦਿਆਰਥੀ ਕੇਂਦਰ ਜਾ ਕੇ ਸਮਾਪਤ ਹੋਈ ਤੇ ਜਥੇਬੰਦੀ ਨਾਲ ਵਿਦਿਆਰਥੀਆਂ ਇਸ ਕਾਨੂੰਨ ਨੂੰ ਲੋਕ ਹਿਤੈਸ਼ੀ ਦੱਸਿਆ। ਰੈਲੀ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਪ੍ਰਿਆ ਸ਼ਰਮਾ, ਸੀਡਬਲਿਊਸੀ ਮੈਂਬਰ ਕੁਦਰਜੋਤ ਕੌਰ, ਜਥੇਬੰਦੀ ਦੇ ਚੰਡੀਗੜ੍ਹ ਕਨਵੀਨਰ ਪਰਵਿੰਦਰ ਸਿੰਘ ਕਟੋਰਾ, ਜਥੇਬੰਦੀ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਸੂਬਾ ਸਕੱਤਰ ਚਿਰਾਂਸ਼ੂ ਰਤਨ ਨੇ ਕਿਹਾ ਕਿ ਖੱਬੇਪੱਖੀ ਜਥੇਬੰਦੀਆਂ ਦੇਸ਼ ਵਿਚ ਅਸ਼ਾਂਤੀ ਪੈਦਾ ਕਰ ਰਹੀਆਂ ਹਨ। ਰੈਲੀ ਨੂੰ ਦਿਵਿਆਂਸ਼ ਸ਼ਰਮਾ, ਦੀਕਸ਼ਾ ਭਨੋਟ ਅਤੇ ਅਜੇ ਸੂਦ ਨੇ ਵੀ ਸੰਬੋਧਨ ਕੀਤਾ।

Previous articleਕਸ਼ਮੀਰ ਦੀ ਜਾਮੀਆ ਮਸਜਿਦ ’ਚ 136 ਦਿਨਾਂ ਬਾਅਦ ਨਮਾਜ਼ ਅਦਾ
Next articleਹਥਿਆਰ ਦਿਖਾ ਕੇ ਸਾਬਕਾ ਫ਼ੌਜੀ ਕੋਲੋਂ ਕਾਰ ਖੋਹੀ