ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਵੱਲੋਂ ਨਾਗਰਿਕਤਾ ਸੋਧ ਬਿਲ ਪ੍ਰਤੀ ਅਖ਼ਤਿਆਰ ਕੀਤੇ ਰੁਖ਼ ’ਤੇ ਵਿਰੋਧੀ ਧਿਰਾਂ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੁੱਝ ਪਾਰਟੀਆਂ ਬਿਨਾਂ ਕੋਈ ਫੇਰ ਬਦਲ ਕੀਤੇ ਸਿੱਧੇ ਤੌਰ ਉੱਤੇ ਪਾਕਿਸਤਾਨ ਦੀ ਭਾਸ਼ਾ ਬੋਲ ਰਹੀਆਂ ਹਨ। ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਜਪਾ ਪਾਰਲੀਮਾਨੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਨੂੰ ਰਗੜੇ ਲਾਉਂਦਿਆਂ ਕਿਹਾ ਹੈ ਕਿ ਕੁੱਝ ਪਾਰਟੀਆਂ ਬਿਨਾਂ ਕੋਈ ਕੌਮਾ, ਡੰਡੀ ਹਟਾਏ ਉਹ ਭਾਸ਼ਾ ਬੋਲ ਰਹੀਆਂ ਹਨ ਜੋ ਪਾਕਿਸਤਾਨ ਬੋਲਦਾ ਹੈ ਪਰ ਇਹ ਬਿਲ ਵੀ ਧਾਰਾ 370 ਹਟਾਏ ਜਾਣ ਦੀ ਤਰ੍ਹਾਂ ਹੀ ਇਤਿਹਾਸਕ ਹੋਵੇਗਾ ਅਤੇ ਸੁਨਹਿਰੀ ਅੱਖ਼ਰਾਂ ਵਿੱਚ ਲਿਖਿਆ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਇਹ ਬਿਲ ਕਾਨੂੰਨ ਦਾ ਰੂਪ ਲੈ ਗਿਆ ਤਾਂ ਦੇਸ਼ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਸ਼ਰਨਾਰਥੀਆਂ ਨੂੰ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਬਿਲ ਦੇ ਨਾਲ ਗੁਆਂਂਢੀ ਦੇਸ਼ਾਂ ਤੋਂ ਆਏ ਹਿੰਦੂਆਂ, ਸਿੱਖਾਂ ਈਸਾਈਆਂ, ਜੈਨੀਆਂ, ਬੋਧੀਆਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਵੇਗੀ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਨੇ ਬਿਲ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਬਿਲ ਦੇ ਰਾਹੀਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਕਰਕੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਬਿਲ ਸਬੰਧੀ ਪੈਦਾ ਕੀਤੀਆਂ ਗਲਤ ਧਾਰਨਾਵਾਂ ਨੂੰ ਖਤਮ ਕਰਨ ਲਈ ਯਤਨਸ਼ੀਲ ਹੋਣ। ਬਿਲ ਨੂੰ ਸੰਸਦ ਵੱਲੋਂ ਪਾਸ ਕਰ ਦੇਣ ਨਾਲ ਮਾਮਲਾ ਖਤਮ ਨਹੀਂ ਹੋ ਜਾਂਦਾ ਸਗੋਂ ਲੋਕਾਂ ਨੂੰ ਵੀ ਖਾਸ ਤੌਰ ’ਤੇ ਇਸ ਦੇ ਲਾਭ ਪਾਤਰੀਆਂ ਨੂੰ ਬਿਲ ਦੀ ਅਹਿਮੀਅਤ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਜੋਸ਼ੀ ਨੇ ਕਿਹਾ ਕਿ ਸਰਕਾਰ ਇਸ ਬਿਲ ਨੂੰ ਰਾਜ ਸਭਾ ਵਿੱਚ ਪਾਸ ਕਰਵਾਉਣ ਲਈ ਆਪਣੇ ਸੌ ਫੀਸਦੀ ਯਤਨ ਕਰੇਗੀ।
HOME ‘ਨਾਗਰਿਕਤਾ: ਪਾਕਿ ਦੀ ਭਾਸ਼ਾ ਬੋਲ ਰਹੀ ਹੈ ਵਿਰੋਧੀ ਧਿਰ’