ਜਾਮਾ ਮਸਜਿਦ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ;
ਭੀਮ ਆਰਮੀ ਦੇ ਮੁਖੀ ਦੀ ਰਿਹਾਈ ਲਈ ਕੱਢਿਆ ਮਾਰਚ
ਸੋਧੇ ਹੋਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਹਫ਼ਤਾ ਪਹਿਲਾਂ ਹੋਏ ਹਿੰਸਕ ਪ੍ਰਦਰਸ਼ਨਾਂ ਮਗਰੋਂ ਅੱਜ ਪੁਰਾਣੀ ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰ ਲੋਕਾਂ ਨੇ ਸ਼ਾਂਤਮਈ ਢੰਗ ਨਾਲ ਜ਼ੋਰਦਾਰ ਪ੍ਰਦਰਸ਼ਨ ਕੀਤਾ। ਹੱਡ ਚੀਰਵੀਂ ਠੰਢ ਦੇ ਬਾਵਜੂਦ ਸੈਂਕੜੇ ਲੋਕ ਜੁਮੇ ਦੀ ਨਮਾਜ਼ ਮਗਰੋਂ ਪ੍ਰਦਰਸ਼ਨਾਂ ’ਚ ਸ਼ਾਮਲ ਹੋਏ। ਉਧਰ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਦੀ ਰਿਹਾਈ ਦੀ ਮੰਗ ਕਰਦਿਆਂ ਸੈਂਕੜੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਵੱਲ ਮਾਰਚ ਕੱਢਿਆ ਪਰ ਪੁਲੀਸ ਨੇ ਉਨ੍ਹਾਂ ਨੂੰ ਰਾਹ ’ਚ ਹੀ ਰੋਕ ਦਿੱਤਾ। ਵੱਡੀ ਗਿਣਤੀ ’ਚ ਪੁਲੀਸ ਦੀ ਤਾਇਨਾਤੀ ਦਰਮਿਆਨ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਖ਼ਿਲਾਫ਼ ਅਤੇ ਸੰਵਿਧਾਨ ਦੇ ਪੱਖ ’ਚ ਜ਼ੋਰਦਾਰ ਨਾਅਰੇ ਲਗਾਏ। ਉਹ ‘ਭਾਰਤੀਆਂ ਨੂੰ ਨਾ ਵੰਡੋ’ ਅਤੇ ‘ਅਸੀਂ ਬਰਾਬਰੀ ਮੰਗਦੇ ਹਾਂ’ ਜਿਹੇ ਨਾਅਰੇ ਲਗਾ ਰਹੇ ਸਨ। ਕਾਂਗਰਸ ਲਾਗੂ ਅਲਕਾ ਲਾਂਬਾ ਅਤੇ ਦਿੱਲੀ ਦੇ ਸਾਬਕਾ ਵਿਧਾਇਕ ਸ਼ੋਏਬ ਇਕਬਾਲ ਨੇ ਮਸਜਿਦ ਦੇ ਬਾਹਰ ਜੁਮੇ ਦੀ ਨਮਾਜ਼ ਮਗਰੋਂ ਹੋਏ ਪ੍ਰਦਰਸ਼ਨਾਂ ’ਚ ਸ਼ਿਰਕਤ ਕੀਤੀ। ਇਥੇ ਦੋ ਘੰਟਿਆਂ ਤੱਕ ਲੋਕ ਪ੍ਰਦਰਸ਼ਨ ਕਰਦੇ ਰਹੇ। ਕਾਂਗਰਸ ਆਗੂ ਅਲਕਾ ਲਾਂਬਾ ਨੇ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ,‘‘ਮੁਲਕ ’ਚ ਬੇਰੁਜ਼ਗਾਰੀ ਅਸਲ ਮੁੱਦਾ ਹੈ ਪਰ ਸਰਕਾਰ ਨੋਟਬੰਦੀ ਵਾਂਗ ਐੱਨਆਰਸੀ ਲਈ ਵੀ ਲੋਕਾਂ ਨੂੰ ਕਤਾਰਾਂ ’ਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਲਕ ਅਤੇ ਸੰਵਿਧਾਨ ਲਈ ਜਮਹੂਰੀਅਤ ਦੀ ਆਵਾਜ਼ ਉਠਾਉਣਾ ਬਹੁਤ ਜ਼ਰੂਰੀ ਹੈ। ਕੇਂਦਰ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਲੋਕਾਂ ’ਤੇ ਆਪਣਾ ਏਜੰਡਾ ਨਹੀਂ ਥੋਪ ਸਕਦੀ ਹੈ।’’ ਸਾਬਕਾ ਵਿਧਾਇਕ ਇਕਬਾਲ ਨੇ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੀ ਨਿਖੇਧੀ ਕੀਤੀ। ‘ਜਿਹੜੇ ਹਿੰਸਾ ਫੈਲਾਉਂਦੇ ਹਨ, ਉਹ ਸਾਡੇ ਨਾਲ ਨਹੀਂ ਹਨ। ਇਹ ਅੰਦੋਲਨ ਹੈ ਜੋ ਜਾਰੀ ਰਹੇਗਾ। ਜੇਕਰ ਕੋਈ ਸ਼ਾਂਤੀ ਭੰਗ ਕਰਦਾ ਹੈ ਤਾਂ ਉਹ ਸਾਡੇ ਅੰਦੋਲਨ ਨੂੰ ਸਾਬੋਤਾਜ ਕਰਨਾ ਚਾਹੁੰਦਾ ਹੈ। ਅਸੀਂ ਕਦੇ ਵੀ ਹਿੰਸਾ ਸਹਿਣ ਨਹੀਂ ਕਰਾਂਗੇ।’ ਰੋਸ ਪ੍ਰਦਰਸ਼ਨਾਂ ’ਚ ਸ਼ਾਮਲ ਵਿਅਕਤੀਆਂ ਨੇ ਕਿਹਾ ਕਿ ਵਿਵਾਦਤ ਕਾਨੂੰਨ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਮੁਹੰਮਦ ਇਸਮਾਈਲ (41) ਨੇ ਕਿਹਾ ਕਿ ਲੋਕ ਇਹ ਐਕਟ ਨਹੀਂ ਚਾਹੁੰਦੇ ਹਨ ਅਤੇ ਸਰਕਾਰ ਇਸ ਨੂੰ ਵਾਪਸ ਲਵੇ। ‘ਮੁਲਕ ਦੇ ਲੋਕ ਇਸ ਕਾਨੂੰਨ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਤੋਂ ਨਹੀਂ ਰੁਕਣਗੇ।’ ਮੁਹੰਮਦ ਸ਼ਾਕਿਬ (36) ਨੇ ਕਿਹਾ,‘‘ਮੁਲਕ ਨੂੰ ਐੱਨਆਰਸੀ ਅਤੇ ਐੱਨਪੀਆਰ ਦੀ ਲੋੜ ਨਹੀਂ ਹੈ। ਸਾਨੂੰ ਨੌਕਰੀਆਂ ਚਾਹੀਦੀਆਂ ਹਨ ਅਤੇ ਸਰਕਾਰ ਅਰਥਚਾਰੇ ’ਚ ਸੁਧਾਰ ਲਿਆਵੇ। ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਪਰ ਪਿਛਲੇ ਸ਼ੁੱਕਰਵਾਰ ਵਾਪਰੀ ਹਿੰਸਾ ਸਾਨੂੰ ਮਨਜ਼ੂਰ ਨਹੀਂ ਹੈ।’’ ਇਸ ਦੌਰਾਨ ਸੈਂਕੜੇ ਲੋਕਾਂ ਨੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਜੋਰ ਬਾਗ ਦੀ ਦਰਗਾਹ ਸ਼ਾਹ-ਏ-ਮਰਦਾਨ ਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੱਢਿਆ। ਜੁਮੇ ਦੀ ਨਮਾਜ਼ ਮਗਰੋਂ ਕੀਤੇ ਗਏ ਪ੍ਰਦਰਸ਼ਨਾਂ ’ਚ ਉਹ ‘ਤਾਨਾਸ਼ਾਹੀ ਨਹੀਂ ਚੱਲੇਗੀ’ ਜਿਹੇ ਨਾਅਰੇ ਲਗਾ ਰਹੇ ਸਨ ਅਤੇ ਬਾਬਾਸਾਹੇਬ ਅੰਬੇਡਕਰ ਤੇ ਆਜ਼ਾਦ ਦੇ ਪੋਸਟਰ ਫੜੇ ਹੋਏ ਸਨ। ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਜਾਹਤ ਹਬੀਬਉੱਲਾ ਨੇ ਕਿਹਾ ਕਿ ਨਵਾਂ ਕਾਨੂੰਨ ਸੰਵਿਧਾਨ ਦੇ ਮੁੱਢਲੇ ਸਿਧਾਂਤਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ,‘‘ਜਿਸ ਢੰਗ ਨਾਲ ਬਿਨਾਂ ਕਿਸੇ ਕਸੂਰ ਦੇ ਉੱਤਰ ਪ੍ਰਦੇਸ਼ ’ਚ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਸਰਕਾਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਸੰਸਦ ਮੈਂਬਰ ਲੋਕਾਂ ਦੀ ਆਵਾਜ਼ ਨਹੀਂ ਉਠਾਉਂਦੇ ਹਨ ਤਾਂ ਲੋਕ ਸੜਕਾਂ ’ਤੇ ਆ ਕੇ ਮੁਜ਼ਾਹਰੇ ਕਰਦੇ ਹਨ।’’ ਪੁਲੀਸ ਦੇ ਨਾਲ ਨਾਲ ਡਰੋਨਾਂ ਰਾਹੀਂ ਵੀ ਪ੍ਰਦਰਸ਼ਨਕਾਰੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਜਦੋਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਪੁਲੀਸ ਨੂੰ ਮਾਰਚ ਜਾਰੀ ਰੱਖਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਚੰਦਰ ਸ਼ੇਖਰ ਆਜ਼ਾਦ ਨੂੰ ਪਿਛਲੇ ਹਫ਼ਤੇ ਪੁਰਾਣੀ ਦਿੱਲੀ ਦੇ ਦਰਿਆਗੰਜ ’ਚ ਭੜਕਾਊ ਭਾਸ਼ਨ ਦੇਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲੀਸ ਦਾ ਕਹਿਣਾ ਹੈ ਕਿ ਇਸ ਮਗਰੋਂ ਹੀ ਹਿੰਸਾ ਸ਼ੁਰੂ ਹੋਈ। ਇਮਾਮ ਕਾਸਿਮ ਜ਼ੈਦੀ ਨੇ ਕਿਹਾ ਕਿ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਹੈ, ਉਨ੍ਹਾਂ ਨੂੰ ਵੀ ਸਜ਼ਾ ਦਿੱਤੀ ਜਾ ਰਹੀ ਹੈ। ‘ਜਿਨ੍ਹਾਂ ਨੇ ਪ੍ਰਦਰਸ਼ਨਾਂ ’ਚ ਹਿੱਸਾ ਵੀ ਨਹੀਂ ਲਿਆ ਸੀ, ਉਨ੍ਹਾਂ ਨੂੰ ਘਰਾਂ ਅੰਦਰੋਂ ਧੂਹ ਕੇ ਲਿਆਂਦਾ ਗਿਆ। ਕੀ ਇਹੋ ਸਾਡਾ ਕਾਨੂੰਨ ਹੈ? ਮੁਲਕ ’ਚ ਹਿੰਸਾ ਯੋਜਨਾਬੱਧ ਢੰਗ ਨਾਲ ਕਰਵਾਈ ਗਈ ਤਾਂ ਜੋ ਲੋਕਾਂ ਦਾ ਧਿਆਨ ਨਾਗਰਿਕਤਾ ਕਾਨੂੰਨ ਤੋਂ ਵੰਡਾਇਆ ਜਾ ਸਕੇ।’ ਪਾਰਲੀਮੈਂਟ ਸਟਰੀਟ ਦੀ ਮਸਜਿਦ ਦੇ ਇਮਾਮ ਮੋਹੀਬੁੱਲ੍ਹਾ ਨੇ ਕਿਹਾ ਕਿ ਮੁਲਕ ਦੇ ਨਾਗਰਿਕਾਂ ਨਾਲ ਵਧੀਆ ਵਤੀਰਾ ਨਹੀਂ ਅਪਣਾਇਆ ਜਾ ਰਿਹਾ ਹੈ ਅਤੇ ਅਸੀਂ ਕਿਹੋ ਜਿਹੇ ਮੁਲਕ ’ਚ ਤਬਦੀਲ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਬਹੁਮੱਤ ਨੂੰ ਗੁੰਮਰਾਹ ਕਰਕੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।