ਬਠਿੰਡਾ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਅਲੀਗੜ੍ਹ ਮੁਸਲਿਮ ’ਵਰਸਿਟੀ ਦੇ ਵਿਦਿਆਰਥੀਆਂ ’ਤੇ ਢਾਹੇ ਅਣਮਨੁੱਖੀ ਤਸ਼ੱਦਦ ਤੇ ਘੱਟ ਗਿਣਤੀਆਂ ਵਿਰੁੱਧ ਘਾਤਕ ਕੈਬ ਖ਼ਿਲਾਫ਼ ਬਠਿੰਡਾ ’ਚ ਦਲ ਖ਼ਾਲਸਾ ਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਰੋਸ ਮਾਰਚ ਕੀਤਾ ਗਿਆ। ਮਾਰਚ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਆਗੂਆਂ ਨੇ ਫ਼ਿਰਕਾਪ੍ਰਸਤ ਮੋਦੀ ਹਕੂਮਤ ਦੇ ਕੈਬ ਵਰਗੇ ਮਾਰੂ ਕਾਨੂੰਨ ਦੀ ਸਖ਼ਤ ਨਿੰਦਾ ਕਰਦਿਆਂ ਘੱਟ ਗਿਣਤੀਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਭਾਰਤ ’ਚ ਮੁਸਲਮਾਨਾਂ ਨੂੰ ਦੇਸ਼ ਨਿਕਾਲਾ ਦੇਣ ਲਈ ਮਨੂੰਵਾਦੀ ਹਕੂਮਤ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਜਬਰੀ ਪਾਸ ਕਰਕੇ ਘੱਟ ਗਿਣਤੀਆਂ ’ਤੇ ਠੋਸਣ ਵਿਰੁੱਧ ਮੁਸਲਮਾਨ ਵਿਦਿਆਰਥੀਆਂ ਵੱਲੋਂ ਕੀਤੇ ਸ਼ਾਂਤਮਈ ਰੋਸ ਮਾਰਚ ਦੌਰਾਨ ਉਨ੍ਹਾਂ ’ਤੇ ਅੰਨ੍ਹਾਂ ਤਸੱਦਦ ਢਾਹੁਣ ਤੇ ਕੈਬ ਨੂੰ ਲਾਗੂ ਕਰਨ ਵਿਰੁੱਧ ਬਠਿੰਡਾ ’ਚ ਦਲ ਖ਼ਾਲਸਾ ਤੇ ਉਸ ਦੀਆਂ ਸਿੱਖ ਸਹਿਯੋਗੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅ), ਸਿੱਖ ਯੂਥ ਆਫ ਪੰਜਾਬ, ਸਿੱਖ ਸਟੂਡੈਂਟਸ ਫ਼ੈਡਰੇਸਨ, ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ਇੱਕ ਜਬਰਦਸਤ ਰੋਸ ਮਾਰਚ ਕੀਤਾ ਗਿਆ। ਕਾਲੇ ਝੰਡਿਆਂ ਨਾਲ ਕੱਢਿਆ ਇਹ ਮਾਰਚ ਬਠਿੰਡਾ ਦੇ ਗੁਰਦੁਆਰਾ ਕਿਲਾ ਮੁਬਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ, ਬੱਸ ਅੱਡੇ ਕੋਲ ਖ਼ਤਮ ਹੋਇਆ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਦੁਨੀਆਂ ਦਾ ਸਭ ਤੋਂ ਝੂਠਾ ਤੇ ਜਾਅਲੀ ਲੋਕਤੰਤਰ ਭਾਰਤ, ਭਾਰਤੀ ਪੁਲੀਸ ਵੱਲੋਂ ਕੀਤੇ ਗਏ ਤਸ਼ੱਦਦ ਦੀ ਨਿੰਦਾ ਕਰਦੇ ਹਾਂ ਘੱਟ ਗਿਣਤੀਆਂ ’ਤੇ ਅੱਤਿਆਚਾਰ ਬੰਦ ਕਰੋ ਆਦਿ ਦੇ ਨਾਅਰਿਆਂ ਵਾਲੇ ਪਲੇਅ ਕਾਰਡ ਫੜੇ ਹੋਏ ਸਨ। ਮਾਰਚ ਨੂੰ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਕੈਬ ਮੁਸਲਮਾਨਾਂ ਸਣੇ ਹਰ ਘੱਟ ਗਿਣਤੀ ਦੇ ਲੋਕਾਂ ਲਈ ਇੱਕ ਘਾਤਕ ਕਦਮ ਹੈ। ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਘੱਟ ਗਿਣਤੀ ਲੋਕਾਂ ਨੂੰ ਕੈਬ ਵਰਗੇ ਖ਼ਤਰਨਾਕ ਕਾਨੂੰਨ ਵਿਰੁੱਧ ਸੜਕਾਂ ’ਤੇ ਆ ਕੇ ਵਿਰੋਧ ਕਰਨ ਦੀ ਅਪੀਲ ਕੀਤੀ। ਜਬੇਬੰਦੀ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਮੁਸਲਮਾਨ ਭਾਈਚਾਰੇ ਦੀ ਹਿਮਾਇਤ ’ਚ ਖੁੱਲੇ ਰੂਪ ’ਚ ਸਾਹਮਣੇ ਆਉਣ ਕਿਉਂਕਿ ਫ਼ਿਰਕੂ ਤਾਨਾਸਾਹੀ ਹਕੂਮਤ ਦਾ ਅਗਲਾ ਨਿਸ਼ਾਨਾ ਸਿੱਖ ਤੇ ਹੋਰ ਘੱਟ ਗਿਣਤੀਆਂ ਹਨ ਤੇ ਇਨ੍ਹਾਂ ਦੇ ਫ਼ਿਰਕੂ ਕੁਹਾੜਿਆਂ ਤੋਂ ਬਚਣ ਲਈ ਆਜ਼ਾਦੀ ਹੀ ਹੱਲ ਹੈ। ਲਖਵੀਰ ਸਿੰਘ ਲੱਖਾ ਸਿਧਾਣਾ ਨੇ ਮੋਦੀ ਦੀਆਂ ਦਮਨ ਮਾਰੂ ਨੀਤੀਆਂ ਦੀ ਸਖ਼ਤ ਨਿੰਦਾ ਕਰਦਿਆਂ ਨੌਜਵਾਨਾਂ ਨੂੰ ਸੁਚੇਤ ਹੋਣ ਦਾ ਸੱਦਾ ਦਿੱਤਾ। ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਂਲਿਆਬਾਲੀ ਨੇ ਸਾਰੀਆਂ ਘੱਟ ਗਿਣਤੀਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ।
INDIA ਨਾਗਰਿਕਤਾ ਐਕਟ ਤੇ ਵਿਦਿਆਰਥੀਆਂ ’ਤੇ ਤਸ਼ੱਦਦ ਵਿਰੁੱਧ ਰੋਸ ਮਾਰਚ