ਨਹਿਰ ਦਾ ਗੰਦਾ ਪਾਣੀ ਲਿਖ ਰਿਹਾ ਹੈ ਲੋਕਾਂ ਦੇ ਕਾਲੇ ਲੇਖ

ਪੰਜਾਬ ਦੀ ਕੈਪਟਨ ਸਰਕਾਰ ਦੀ ਨਹਿਰੀ ਵਿਭਾਗ ਦੀ ਲਾਪ੍ਰਵਾਹੀ ‘ਪਵਣ ਗੁਰੂ, ਪਾਣੀ ਪਿਤਾ’ ਦੇ ਉਲਟ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਪਿਆਸੇ ਮਰਨ ਲਈ ਮਜਬੂਰ ਕਰ ਰਹੀ ਹੈ। ਇਸ ਦੀ ਮਿਸਾਲ ਪਿੰਡ ਮੌੜ ਖੁਰਦ ਦੇ ਲੋਕਾਂ ਤੋਂ ਮਿਲਦੀ ਹੈ, ਜੋ 20 ਦਿਨਾਂ ਤੋਂ ਨਹਿਰ ’ਚ ਗੰਦਾ ਪਾਣੀ ਆਉਣ ਕਾਰਨ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਹਨ। ਇਸ ਸਮੱਸਿਆ ਸਬੰਧੀ ਪਿੰਡ ਕੋਲੋਂ ਲੰਘਦੀ ਕੋਟਲਾ ਬਰਾਂਚ ਨਹਿਰ ’ਚ ਵਗਦਾ ਗੰਦਾ ਪਾਣੀ ਦਿਖਾਉਂਦਿਆਂ ਪਿੰਡ ਵਾਸੀਆਂ ਸੁੱਖਾ ਸਿੰਘ, ਸਮਾਜ ਸੇਵੀ, ਰਾਜਵਿੰਦਰ ਸਿੰਘ ਰਾਏਖਾਨਾ, ਮੁਕੇਸ਼ ਕੁਮਾਰ ਹੈਪੀ,ਪਾਲੀ ਸਿੰਘ ਮੋੜ ਖੁਰਦ, ਮਨਜੋਤ ਸਿੰਘ ਆਦਿ ਨੇ ਕਿਹਾ ਕਿ ਪਹਿਲਾਂ ਕਾਫੀ ਸਮਾਂ ਨਹਿਰੀ ਪਾਣੀ ਦੀ ਬੰਦੀ ਕਾਰਨ ਉਹ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਗਏ ਪਰ ਹੁਣ ਜਦੋਂ ਨਹਿਰ ਵਿੱਚ ਪਾਣੀ ਆਇਆ ਹੈ ਤਾਂ ਇਹ ਇੰਨਾ ਗੰਦਾ ਹੈ ਕਿ ਪਸ਼ੂਆਂ ਦੇ ਪੀਣ ਵਾਲਾ ਵੀ ਨਹੀਂ। ਜਿਸ ਕਾਰਨ ਉਹ ਪਿਛਲੇ 20 ਦਿਨਾਂ ਤੋਂ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਸਮਝਣ ਦੀ ਬਜਾਏ ਨਹਿਰ ’ਚ ਗੰਦਾ ਪਾਣੀ ਆਉਣ ਕਾਰਨ ਵਾਟਰ ਵਰਕਸ ਦੇ ਅਧਿਕਾਰੀਆਂ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਜਿਸ ਕਾਰਨ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਪਾਣੀ ਦੀਆਂ ਆਪਣੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਕਿੱਥੋਂ ਪੂਰੀਆਂ ਕਰਨ। ਇਸ ਸਬੰਧੀ ਵਾਟਰ ਵਰਕਸ ਦੇ ਜੇਈ ਅਸ਼ਵਨੀ ਕੁਮਾਰ ਨੇ ਸਿਰਫ ਇਹ ਕਹਿ ਕੇ ਫੋਟ ਕੱਟ ਦਿੱਤਾ ਕਿ ਉਨ੍ਹਾਂ ਨਹਿਰ ਵਿੱਚ ਗੰਦਾ ਪਾਣੀ ਆਉਣ ਕਾਰਨ ਵਾਟਰ ਵਰਕਸ ਟੈਂਕਾਂ ’ਚ ਪਾਣੀ ਸਟੋਰ ਕਰਨਾਂ ਬੰਦ ਕਰ ਦਿੱਤਾ ਹੈ। ਜਦੋਂ ਇਹ ਸਵਾਲ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ ਤਾਂ ਉਨ੍ਹਾਂ ਫੋਨ ਕੱਟ ਦਿੱਤਾ। ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਨਹਿਰੀ ਵਿਭਾਗ ਨੇ ਇਸ ਮੁਸ਼ਕਲ ਦਾ ਜਲਦੀ ਹੱਲ ਨਾ ਕੀਤਾ ਤਾਂ ਸਮਾਜ ਸੇਵੀਆਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਨਹਿਰੀ ਵਿਭਾਗ ਦੀ ਹੋਵੇਗੀ। ਮਾਮਲੇ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐਕਸੀਅਨ ਕਰਤਾਰ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੀ ਬੰਦੀ ਕਾਰਨ ਨਹਿਰੀ ’ਚ ਖੜ੍ਹੇ ਪਾਣੀ ਦਾ ਰੰਗ ਖਰਾਬ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਬੰਦੀ ਕਾਰਨ ਪਾਣੀ ਦਾ ਖੜ੍ਹੇ ਰਹਿਣਾ ਹੈ।

Previous articleਰੋਜ਼ੀ-ਰੋਟੀ ਲਈ ਇਟਲੀ ਗਏ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ
Next articleਸੁਪਰੀਮ ਕੋਰਟ ਵੱਲੋਂ ਆਈਪੀਐੱਸ ਅਫ਼ਸਰ ਰਾਜੀਵ ਕੁਮਾਰ ਨੂੰ ਨੋਟਿਸ