ਕੰਢੀ ਦੇ ਪਿੰਡ ਭੰਬੋਤਾੜ ਦੇ ਫੌਜ ਵਿੱਚ ਭਰਤੀ ਹੋਣ ਲਈ ਘਰੋਂ ਕਮਾਹੀ ਦੇਵੀ ਦੇ ਸੁਵਿਧਾ ਕੇਂਦਰ ਵਿੱਚ ਗਏ ਅੱਜ ਦੁਪਹਿਰੇ ਭੇਤਭਰੇ ਹਾਲਾਤਾਂ ’ਚ ਲਾਪਤਾ ਹੋਏ 2 ਨੌਜਵਾਨਾਂ ਵਿੱਚੋਂ ਇੱਕ ਦੀ ਲਾਸ਼ ਕੰਢੀ ਨਹਿਰ ’ਚੋਂ ਮਿਲ ਗਈ ਹੈ। ਜਦੋਂ ਕਿ ਦੂਸਰੇ ਦੀ ਹਾਲੇ ਪੁਲੀਸ ਵਲੋਂ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟ ਮਾਰਟਮ ਲਈ ਬੀਬੀਐਮਬੀ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ। ਇਸ ਸਬੰਧੀ ਮ੍ਰਿਤਕ ਚਰਨਜੀਤ ਸਿੰਘ (18 ਸਾਲ) ਉਮਰ ਦੇ ਪਿਤਾ ਰਜਿੰਦਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਤੇ ਉਸ ਦਾ ਸਾਥੀ ਰਮੇਸ਼ ਕੁਮਾਰ ਅੱਜ ਸਵੇਰੇ ਫੌਜ ‘ਚ ਭਰਤੀ ਹੋਣ ਸਬੰਧੀ ਆਪਣੇ ਦਸਤਾਵੇਜ਼ ਬਣਵਾਉਣ ਲਈ ਕਮਾਹੀ ਦੇਵੀ ਦੇ ਸੁਵਿਧਾ ਕੇਂਦਰ ਵਿੱਚ ਮੋਟਰ ਸਾਈਕਲ ’ਤੇ ਗਏ ਸਨ। ਦੁਪਹਿਰ ਕਰੀਬ ਇੱਕ ਵਜੇ ਉਸ ਦੇ ਲੜਕੇ ਚਰਨਜੀਤ ਸਿੰਘ ਦਾ ਫੋਨ ਆਇਆ ਕਿ ਉਸ ਦਾ ਸੁਵਿਧਾ ਕੇਂਦਰ ਵਿੱਚ ਕੰਮ ਨਹੀਂ ਹੋਇਆ ਅਤੇ ਉਹ ਵਾਪਸ ਆ ਰਹੇ ਹਨ। ਉਸ ਤੋਂ ਬਾਅਦ ਜਦੋਂ ਕਾਫ਼ੀ ਸਮਾਂ ਉਨ੍ਹਾਂ ਦਾ ਪੁੱਤਰ ਘਰ ਨਹੀਂ ਪੁੱਜਾ ਤਾਂ ਉਸ ਦੇ ਮੋਬਾਈਲ ਫੋਨ ‘ਤੇ ਕਈ ਵਾਰ ਫੋਨ ਕੀਤਾ, ਪਰ ਫੋਨ ਦੀ ਘੰਟੀ ਵੱਜਣ ‘ਤੇ ਵੀ ਫੋਨ ਕਿਸੇ ਨੇ ਨਹੀਂ ਚੁੱਕਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸੇ ਦੌਰਾਨ ਚਰਨਜੀਤ ਸਿੰਘ ਤੇ ਉਸਦੇ ਸਾਥੀ ਲੜਕੇ ਰਮੇਸ਼ ਕੁਮਾਰ ਦੇ ਕੱਪੜੇ, ਜੁੱਤੀਆਂ, ਪਰਸ ਅਤੇ ਇੱਕ ਮੋਬਾਈਲ ਕੰਢੀ ਨਹਿਰ ਪਿੰਡ ਨਮੋਲੀ ਹਾਰ ਦੇ ਕਿਨਾਰੇ ਤੋਂ ਮਿਲੇ। ਇਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕਰਨ ਉਪਰੰਤ ਦੋਹਾਂ ਦੀ ਭਾਲ ਅਰੰਭੀ ਗਈ। ਇਸੇ ਦੌਰਾਨ ਚਰਨਜੀਤ ਸਿੰਘ ਦੀ ਲਾਸ਼ ਕੰਢੀ ਨਹਿਰ ਵਿੱਚੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਸਥਾਨਿਕ ਲੋਕਾਂ ਦੀ ਮਦਦ ਨਾਲ ਲੱਭ ਲਈ, ਪਰ ਰਮੇਸ਼ ਦੀ ਭਾਲ ਹਾਲੇ ਵੀ ਜਾਰੀ ਹੈ।
INDIA ਨਹਿਰ ’ਚ ਰੁੜ੍ਹੇ ਦੋ ਨੌਜਵਾਨਾਂ ’ਚੋਂ ਇੱਕ ਦੀ ਲਾਸ਼ ਮਿਲੀ