ਪੰਜਾਬ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਪੈਂਦੇ ਬਲਾਕ ਇੰਦੌਰਾ ਦੇ ਮੰਡ ਖੇਤਰ ਵਿਚਲੀ ਕਰੀਬ 80 ਏਕੜ ਕਣਕ ਦੀ ਫਸਲ ਸ਼ਾਹ ਨਹਿਰ ਦੀ ਐਲਬੀਸੀ ਬ੍ਰਾਂਚ ਵਿੱਚ ਕਚਰਾ ਆ ਜਾਣ ਕਾਰਨ ਜਲਥਲ ਹੋ ਗਈ। ਨਹਿਰੀ ਵਿਭਾਗ ਦੇ ਅਧਿਕਾਰੀ ਇਸ ਦਾ ਕਾਰਨ ਕਿਸੇ ਕਿਸਾਨ ਵਲੋਂ ਲਗਾਏ ਪਾਣੀ ਦੇ ਡੱਕੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਸਨੌਰ ਮੰਡ ਦੇ ਪ੍ਰਭਾਵਿਤ ਕਿਸਾਨਾਂ ਪ੍ਰੇਮ ਸਿੰਘ, ਜਸਵਿੰਦਰ ਸਿੰਘ, ਰਣਵੀਰ ਸਿੰਘ, ਜਸਪਾਲ ਸਿੰਘ, ਵਿਕਰਮ ਸਿੰਘ, ਬਚਨ ਸਿੰਘ, ਕ੍ਰਿਸ਼ਨ ਸਿੰਘ ਤੇ ਸ਼ੇਖਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ ਫਸਲ ’ਚ ਪਾਣੀ ਭਰ ਜਾਣ ਕਾਰਨ ਨੁਕਸਾਨੇ ਜਾਣ ਦਾ ਖਦਸ਼ਾ ਹੈ। ਇਲਾਕੇ ਦੇ ਮੰਡ ਸਨੌਰ ਅਧੀਨ ਪੈਂਦੇ ਪਿੰਡਾਂ ਦੀ ਕਰੀਬ 80-90 ਏਕੜ ਕਣਕ ਦੀ ਫਸਲ ’ਚ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸ਼ਾਹ ਨਹਿਰ ਦੀ ਟੈਰੇ ਡਿਵੀਜ਼ਨ ਵਲੋਂ ਆਪਣੀ ਐਲ.ਬੀ.ਸੀ. ਬ੍ਰਾਂਚ ਵਿੱਚ ਪਾਣੀ ਛੱਡ ਦਿੱਤਾ ਗਿਆ ਅਤੇ ਨਹਿਰ ਦੀ ਸਫਾਈ ਨਾ ਹੋਣ ਕਾਰਨ ਕਚਰਾ ਫਸ ਜਾਣ ਕਾਰਨ ਸਾਰਾ ਪਾਣੀ ਬ੍ਰਾਂਚ ਦੀ ਆਰ.ਡੀ. ਨੰਬਰ 8444 ਕੋਲ ਓਵਰ ਫਲੋਅ ਹੋ ਕੇ ਫਸਲਾਂ ’ਚ ਆ ਵੜਿਆ। ਫਸਲ ਵਿੱਚ ਕਾਫੀ ਪਾਣੀ ਭਰ ਜਾਣ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ ਅਤੇ ਅਜਿਹਾ ਨਹਿਰੀ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਕਾਰਨ ਹੀ ਹੋਇਆ ਹੈ। ਪਾਣੀ ਸੁੱਕਣ ਨੂੰ ਕਰੀਬ 20 ਦਿਨ ਦਾ ਸਮਾਂ ਲੱਗੇਗਾ ਅਤੇ ਸਰਦੀ ਦਾ ਮੌਸਮ ਹੋਣ ਕਾਰਨ ਕਣਕ ਨੂੰ ਗਾਲਾ ਲੱਗ ਸਕਦਾ ਹੈ ਅਤੇ ਉਹ ਫਸਲ ਨੂੰ ਦਵਾਈਆਂ ਦੀ ਸਪਰੇਅ ਕਰਨ ਤੋਂ ਵੀ ਬਾਂਝੇ ਰਹਿ ਜਾਣਗੇ। ਕਿਸਾਨ ਪਿਛਲੇ ਕਰੀਬ 20 ਦਿਨਾਂ ਤੋਂ ਨਹਿਰ ਵਿੱਚ ਪਾਣੀ ਦੀ ਉਡੀਕ ਕਰ ਰਹੇ ਸਨ, ਪਰ ਵਿਭਾਗ ਨੇ ਪਾਣੀ ਨਹੀਂ ਸੀ ਛੱਡਿਆ, ਬੀਤੀ ਰਾਤ ਅਚਾਨਕ ਪਾਣੀ ਛੱਡੇ ਜਾਣ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਕਣਕ ਤੋਂ ਇਲਾਵਾ ਗੰਨੇ ਦੀ ਫਸਲ ਵੀ ਪਾਣੀ ਨਾਲ ਭਰ ਗਈ ਹੈ, ਹੁਣ ਕਰੀਬ 15 ਦਿਨ ਗੰਨੇ ਦੀ ਕਟਾਈ ਨਹੀਂ ਹੋ ਸਕੇਗੀ। ਸਵੇਰੇ ਇਸ ਦਾ ਪਤਾ ਲੱਗਣ ’ਤੇ ਕਿਸਾਨਾਂ ਵਲੋਂ ਖੁਦ ਸਾਰਾ ਕਚਰਾ ਬਾਹਰ ਕੱਢ ਕੇ ਨਹਿਰ ਦਾ ਪਾਣੀ ਚਲਾਇਆ ਗਿਆ। ਉਨ੍ਹਾਂ ਇਸ ਨੂੰ ਨਹਿਰੀ ਵਿਭਾਗ ਦੀ ਲਾਪ੍ਰਵਾਹੀ ਕਰਾਰ ਦਿੰਦਿਆਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਅਣਗਹਿਲੀ ਵਰਤਣ ਵਾਲੇ ਨਹਿਰੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਨਹਿਰੀ ਵਿਭਾਗ ਦੇ ਜੇਈ ਦਿਵੇਸ਼ ਕਾਂਤ ਸ਼ਰਮਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਜਿਹਾ ਕਿਸੇ ਕਿਸਾਨ ਵਲੋਂ ਪਾਣੀ ਦਾ ਡੱਕਾ ਲਗਾ ਲੈਣ ਕਾਰਨ ਹੋਇਆ ਹੈ। ਇਸ ਬਾਰੇ ਪਤਾ ਲੱਗਣ ’ਤੇ ਡੱਕਾ ਖੁਲਵਾ ਕੇ ਪਾਣੀ ਚੱਲਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।
INDIA ਨਹਿਰੀ ਪਾਣੀ ਓਵਰਫਲੋਅ; ਸਨੌਰਾ ਮੰਡ ਦੀ 80 ਏਕੜ ਫਸਲ ਡੁੱਬੀ