(ਸਮਾਜ ਵੀਕਲੀ)
ਇਹ ਜੋ ਨਸ਼ਾ ਵਲਾਇਤਾਂ ਦਾ,
ਪੰਜਾਬੀਆਂ ਨੂੰ ਹੈ ਨਸ਼ਿਆਈ ਜਾ ਰਿਹਾ |
ਕੋਈ ਅਮਰੀਕਾ,ਕੋਈ ਕਨੇਡਾ,
ਕੋਈ ਵਲਾਇਤ ਉਡਾਰੀ ਹੈ ਮਾਰ ਰਿਹਾ |
ਬਾਰ੍ਹਵੀਂ ਪਿੱਛੋਂ ਹਰ ਕੁੜੀ ਤੇ ਹਰ ਮੁੰਡਾ,
ਵਿਦੇਸ਼ ਵੱਲ ਨੂੰ ਭੱਜਿਆ ਹੈ ਜਾ ਰਿਹਾ |
ਉੱਚ ਵਿੱਦਿਆ ਪ੍ਰਾਪਤ ਕਰ ਇੱਥੋਂ ਜੁਆਨ ,
ਕਨੇਡਾ ਪਹੁੰਚ ਕੇ ਬੇਰ ਤੋੜੀ ਜਾ ਰਿਹਾ |
ਕਰ ਡ੍ਰਾਇਵਰੀ ਟ੍ਰਾਲਿਆਂ ਦੀ ਕੋਈ ਪਾੜ੍ਹਾ,
ਦਿਨ ਰਾਤ ਨੂੰ ਇੱਕ ਕਰੀ ਜਾ ਰਿਹਾ |
ਡਾਕਟਰੀ,ਵਕਾਲਤ ਪੇਸ਼ੇ ਛੱਡ ਪੰਜਾਬ ਤੋਂ,
ਉੱਥੇ ਸਟੋਰਾਂ ਤੇ ਸ਼ਿਫਟਾਂ ਹੀ ਲਾ ਰਿਹਾ |
ਮਾਲਕੀ ਜ਼ਮੀਨਾਂ ਦੀ ਆਪਣੀ ਛੱਡ ਇੱਥੇ,
ਉੱਥੇ ਗੋਰਿਆਂ ਦੀ ਗੁਲਾਮੀ ਕਰੀ ਜਾ ਰਿਹਾ |
ਵਹੀਰਾਂ ਘੱਤ ਵਿਦੇਸ਼ਾਂ ਨੂੰ ਪਰਵਾਜ਼ ਹੁੰਦੀ,
ਪੰਜਾਬ,ਪੰਜਾਬੀਆਂ ਤੋਂ ਸੱਖਣਾ ਹੋਈ ਜਾਂਦਾ |
ਯੂਪੀ,ਬਿਹਾਰ ਦਾ ਪ੍ਰਵਾਸੀ ਪੰਜਾਬ ਅੰਦਰ,
ਨੌਕਰੀ-ਵਪਾਰ ਤੇ ਕਬਜ਼ਾ ਕਰੀ ਜਾਂਦਾ |
ਨਸ਼ਾ ਵਲਾਇਤ ਦਾ ਚਿੰਬੜਿਆ ਐਸਾ,
ਦੂਰ ਮਾਪਿਆਂ ਤੋਂ ਬੱਚੇ ਕਰੀ ਜਾਂਦਾ |
ਚਿਖਾ ਬਾਲਦੇ ਇੱਥੇ ਨੇ ਗੁਆਂਢ ਵਾਲ਼ੇ,
ਭੋਗ ਪੈਣ ਪਿੱਛੋਂ ਗੇੜਾ ਧੀ-ਪੁੱਤ ਦਾ ਲਗਦਾ |
ਚੰਦਰੇ ਗੋਰੇ ਵਲੈਤੀਏ ਮਸਾਂ ਕੱਢੇ ਸੀ ਇੱਥੋਂ,
ਨੌਜੁਆਨ ਵਲੈਤ ਜਾ ਗੁਲਾਮੀ ਹੁਣ ਕਰੀ ਜਾਂਦਾ |
ਸੁਣੋ ਪੰਜਾਬੀਓ ਇੱਕ ਅਰਜ਼ੋਈ ਮੰਨ ਲਓ,
ਆਪਣੇ ਦੇਸ਼ ਪੰਜਾਬ ਨੂੰ ਖੁਸ਼ਹਾਲ ਕਰੋ |
ਭਾਰਤ ਸੋਨ -ਚਿੜੀ ਤੇ ਪੰਜਾਬ ਜਰਖੇਜ਼ ਭੂਮੀ,
ਪੂੰਜੀ ਇਸਦੀ ਵਿਦੇਸ਼ਾਂ ਨੂੰ ਨਾਂ ਤੋਰੋ |
ਸੋਨੇ ਅਰਗੀ ਜਵਾਨੀ ਆਪਣੀ ਨੂੰ,
ਗੈਰਾਂ ਦੀ ਗੁਲਾਮੀ ਚ ਨਾਂ ਤੁਸੀ ਰੋਲੋ |
ਬੀਨਾ ਬਾਵਾ,ਲੁਧਿਆਣਾ