ਅਜਨਾਲਾ- ਇੱਥੇ ਵੀਰਵਾਰ ਰਾਤ ਵਾਰਡ ਨੰਬਰ ਦੋ ’ਚ ਨਸ਼ੇ ਲਈ ਪੈਸੇ ਮੰਗਣ ਤੋਂ ਹੋਏ ਝਗੜੇ ’ਚ ਪੁੱਤਰ ਨੇ ਆਪਣੇ ਪਿਤਾ ਤੇ ਦਾਦੀ ਦਾ ਕਤਲ ਕਰ ਦਿੱਤਾ। ਵਾਰਦਾਤ ਕਰ ਕੇ ਫ਼ਰਾਰ ਹੋਣ ਮੌਕੇ ਉਹ ਕਤਲ ਕੀਤੀ ਆਪਣੀ ਦਾਦੀ ਦੇ ਕੰਨਾਂ ਵਿਚ ਪਾਈਆਂ ਵਾਲੀਆਂ, ਪਿਤਾ ਦੀ ਜੇਬ ਵਿਚ ਪਏ 6 ਹਜ਼ਾਰ ਰੁਪਏ ਅਤੇ ਐਕਟਿਵਾ ਲੈ ਕੇ ਭੱਜ ਗਿਆ। ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਵੇਰਵਿਆਂ ਮੁਤਾਬਕ ਰਮਨ ਕੁਮਾਰ ਪੁੱਤਰ ਮੋਤੀ ਲਾਲ ਨਸ਼ਾ ਖਾਣ ਤੇ ਵੇਚਣ ਦਾ ਆਦੀ ਹੈ। ਕੁਝ ਸਮਾਂ ਪਹਿਲਾਂ ਉਹ ਨਸ਼ਿਆਂ ਦੇ ਮਾਮਲੇ ਵਿਚ ਕੈਦ ਕੱਟ ਕੇ ਆਇਆ ਹੈ। ਜੇਲ੍ਹ ਵਿਚ ਵੀ ਮੁਲਜ਼ਮ ਕੋਲੋਂ ਇਕ ਵਿਅਕਤੀ ਦਾ ਕਤਲ ਹੋ ਗਿਆ ਸੀ। ਕੁਝ ਦਿਨ ਪਹਿਲਾਂ ਹੀ ਉਹ ਰਿਹਾਅ ਹੋ ਕੇ ਆਇਆ ਸੀ। ਰਮਨ ਕੁਮਾਰ ਪਹਿਲਾਂ ਆਪਣੇ ਪਿਤਾ ਤੋਂ ਵੱਖਰਾ ਰਹਿੰਦਾ ਸੀ ਪਰ ਬੀਮਾਰ ਹੋਣ ਕਾਰਨ ਹੁਣ ਪਿਤਾ ਦੇ ਘਰ ਰਹਿਣ ਆਇਆ ਸੀ। ਵੀਰਵਾਰ ਰਾਤ ਉਸ ਨੇ ਪਿਤਾ ਮੋਤੀ ਲਾਲ ਭੰਡਾਰੀ ਕੋਲੋਂ ਨਸ਼ਾ ਖਾਣ ਲਈ ਪੈਸਿਆਂ ਦੀ ਮੰਗ ਕੀਤੀ ਪਰ ਉਨ੍ਹਾਂ ਵੱਲੋਂ ਇਨਕਾਰ ਕਰਨ ’ਤੇ ਝਗੜਾ ਹੋ ਗਿਆ। ਨਸ਼ੇ ਦੀ ਹਾਲਤ ’ਚ ਉਸ ਨੇ ਪਿਤਾ ਦਾ ਰਵਾਇਤੀ ਹਥਿਆਰ ਨਾਲ ਕਤਲ ਕਰ ਦਿੱਤਾ। ਸਾਹਮਣੇ ਕਮਰੇ ਵਿਚ ਉਸ ਦੀ ਦਾਦੀ ਸ਼ਕੁੰਤਲਾ ਰਾਣੀ ਨੇ ਜਦੋਂ ਪੋਤਰੇ ਰਮਨ ਕੁਮਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਦਾਦੀ ਦਾ ਵੀ ਕਤਲ ਕਰ ਦਿੱਤਾ। ਗੁਆਂਢੀ ਰਾਜੂ ਨੇ ਦੱਸਿਆ ਕਿ ਸੁਵੱਖਤੇ ਰਮਨ ਕੁਮਾਰ ਦੇ ਭਰਾ ਦੀਪਕ, ਜੋ ਕਿ ਆਪਣੀ ਪਤਨੀ ਸਮੇਤ ਵਿਦੇਸ਼ ਗਿਆ ਹੋਇਆ ਹੈ, ਦਾ ਫੋਨ ਆਇਆ ਕਿ ਉਹ ਘਰ ਫੋਨ ਕਰ ਰਿਹਾ ਹੈ, ਕੋਈ ਉਠਾ ਨਹੀਂ ਰਿਹਾ। ਜਦੋਂ ਰਾਜੂ ਮੋਤੀ ਲਾਲ ਦੇ ਘਰ ਗਿਆ ਤਾਂ ਉੱਥੇ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਛਾਪੇ ਮਾਰ ਰਹੀ ਹੈ।
INDIA ਨਸ਼ੇ ਖ਼ਾਤਰ ਹੋਏ ਝਗੜੇ ’ਚ ਪਿਤਾ ਤੇ ਦਾਦੀ ਦਾ ਕਤਲ