ਜ਼ੀਰਕਪੁਰ– ਸ਼ਿਵਾਲਿਕ ਵਿਹਾਰ ਵਿੱਚ ਬੀਤੇ ਦਿਨ ਇਕ ਵਿਅਕਤੀ ਨੇ ਨਸ਼ੇ ਦੀ ਹਾਲਤ ਵਿੱਚ 14 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਦੋ ਗੱਡੀਆਂ ਦੇ ਸ਼ੀਸ਼ੇ ਭੰਨ੍ਹ ਦਿੱਤੇ। ਇਸ ਵਿਅਕਤੀ ਨੇ ਹੱਥ ਵਿੱਚ ਕੱਸੀ ਫੜੀ ਹੋਈ ਸੀ ਅਤੇ ਜੋ ਵੀ ਸਾਹਮਣੇ ਆਉਂਦਾ ਸੀ, ਉਸ ’ਤੇ ਹਮਲਾ ਕਰ ਦਿੰਦਾ ਸੀ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਕਾਬੂ ਕਰ ਪੁਲੀਸ ਦੇ ਹਵਾਲੇ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਾਲਿਕ ਵਿਹਾਰ ’ਚ ਪੈਂਦੀ ਸਿਟੀ ਐਨਕਲੇਵ ਵਿੱਚ ਦੀਵਾਲੀ ਵਾਲੇ ਦਿਨ ਦੁਪਹਿਰ ਨੂੰ ਇਕ ਵਿਅਕਤੀ ਨੇ ਨਸ਼ੇ ਦੀ ਹਾਲਤ ਵਿੱਚ ਹੱਥ ਵਿੱਚ ਫੜੀ ਕੱਸੀ ਨਾਲ ਲੋਕਾਂ ’ਤੇ ਹਮਲਾ ਕਰ ਦਿੱਤਾ। ਉਸ ਨੇ ਸਭ ਤੋਂ ਪਹਿਲਾਂ ਪਵਨ ਕੁਮਾਰ ਦੇ ਸਿਰ ’ਤੇ ਕੱਸੀ ਨਾਲ ਵਾਰ ਕੀਤਾ ਜੋ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਵਿੱਚ ਦਸ ਟਾਂਕੇ ਲੱਗੇ। ਇਸ ਮਗਰੋਂ ਉਸ ਨੇ ਗਗਨ ਨਾਂਅ ਦੇ ਵਿਅਕਤੀ ਦੀ ਕਾਰ ਭੰਨ੍ਹ ਦਿੱਤੀ। ਉਸ ਨੂੰ ਰੋਕਣ ਆਏ ਕਿਸ਼ਨਪਾਲ ਦੇ ਹੱਥ ’ਤੇ ਉਸ ਨੇ ਕੱਸੀ ਨਾਲ ਵਾਰ ਕਰ ਦਿੱਤਾ। ਇਸ ਮਗਰੋਂ ਹਮਲਾਵਰ ਨੇ ਇਕ ਕਾਰ ’ਤੇ ਨਿਸ਼ਾਨਾ ਸਾਧਿਆ। ਉਸ ਨੇ ਉਥੋਂ ਲੰਘ ਰਹੇ ਇਕ ਬਜ਼ੁਰਗ ਜੋੜੇ ਸੋਹਣ ਲਾਲ ਅਤੇ ਉਸ ਦੀ ਪਤਨੀ ਰੋਸ਼ਨੀ ਦੇਵੀ ’ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਰੋਸ਼ਨੀ ਦੇਵੀ ਦੀ ਬਾਂਹ ਟੁੱਟ ਗਈ। ਇਸ ਮਗਰੋਂ ਹਮਲਾਵਰ ਨੇ ਹਰੀਸ਼ ਚਾਹਲ ਦੀਆਂ ਲੱਤਾਂ ’ਤੇ ਕੱਸੀ ਮਾਰੀ ਤੇ ਉਸ ਨੂੰ ਫਟੜ ਕਰ ਦਿੱਤਾ। ਉਸ ਨੂੰ ਪੰਚਕੂਲਾ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਸੀ ਪਰ ਪੁਲੀਸ ਇਕ ਘੰਟਾ ਲੇਟ ਮੌਕੇ ’ਤੇ ਪਹੁੰਚੀ ਜਿਸ ਕਾਰਨ ਹਮਲਾਵਰ ਖੁੱਲ੍ਹੇਆਮ ਦਹਿਸ਼ਤ ਫੈਲਾਉਂਦਾ ਰਿਹਾ।
ਔਰਤ ਦੀ ਚੇਨੀ ਝਪਟੀ: ਇਥੋਂ ਦੇ ਮੋਰਨੀ ਵਾਲਾ ਕੂਆਂ ਕੋਲ ਅੱਜ ਦੁਕਾਨ ’ਤੇ ਬੈਠੀ ਔਰਤ ਦੇ ਗਲ ’ਚੋਂ ਝਪਟਮਾਰ ਸੋਨੇ ਦੀ ਚੇਨੀ ਖੋਹ ਕੇ ਫ਼ਰਾਰ ਹੋ ਗਿਆ। ਲੋਕਾਂ ਨੇ ਝਪਟਮਾਰ ਨੂੰ ਕਾਬੂ ਕਰ ਲਿਆ ਤੇ ਖੋਹੀ ਚੇਨੀ ਦੇ ਨਾਲ ਸੋਨੇ ਅਤੇ ਪਿੱਤਲ ਦੀਆਂ ਦੋ ਅੰਗੂਠੀਆਂ ਬਰਾਮਦ ਕੀਤੀਆਂ। ਮੁਲਜ਼ਮ ਦੀ ਪਛਾਣ 34 ਸਾਲਾਂ ਦੇ ਫਹੀਮ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਆਰਟੀਆਈ ਕਾਰਕੁਨ ਅੰਕਿਤ ਜੈਨ ਨੇ ਦੱਸਿਆ ਕਿ ਉਸ ਦੀ ਮਾਤਾ ਕਿਰਨ ਜੈਨ ਘਰ ਦੇ ਨੇੜੇ ਦੁਕਾਨ ’ਤੇ ਆਪਣੇ ਪਤੀ ਯਸ਼ਪਾਲ ਜੈਨ ਨਾਲ ਬੈਠੀ ਸੀ ਤੇ ਝਪਟਮਾਰ ਤਿੰਨ ਤੋਲੇ ਦੀ ਚੇਨੀ ਖੋਹ ਕੇ ਫ਼ਰਾਰ ਹੋ ਗਿਆ। ਰਾਮ ਲੀਲਾ ਮੈਦਾਨ ਦੇ ਨੇੜੇ ਉਸ ਨੂੰ ਲੋਕਾਂ ਨੇ ਕਾਬੂ ਕਰ ਲਿਆ। ਇਸੇ ਦੌਰਾਨ ਝਪਟਮਾਰ ਨੇ ਚੰਦਰਮੋਹਨ ਨਾਂ ਦੇ ਨੌਜਵਾਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
INDIA ਨਸ਼ੇੜੀ ਹਮਲਾਵਰ ਨੇ 14 ਜਣੇ ਕੀਤੇ ਜ਼ਖ਼ਮੀ