ਸੰਗਰੂਰ ਇਥੇ ਦਰਜਨ ਨੌਜਵਾਨਾਂ ਵਲੋਂ ਵੇਸਟ ਸਰਿੰਜਾਂ ਨਾਲ ਨਸ਼ੇ ਦੇ ਟੀਕੇ ਲਗਾਉਣ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣ ਦੀ ਘਟਨਾ ਕਾਰਨ ਜਿਥੇ ਪਿੰਡ ਬਡਰੁੱਖਾਂ ਵਾਸੀ ਚਿੰਤਤ ਹਨ ਉਥੇ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦੀਆਂ ਮਾਵਾਂ ਦਾ ਦਰਦ ਵੀ ਅੱਖੀਆਂ ’ਚੋਂ ਵਗ ਰਹੇ ਹੰਝੂਆਂ ਨਾਲ ਆਪ ਮੁਹਾਰੇ ਝਲਕ ਰਿਹਾ ਹੈ। ਬਡਰੁੱਖਾਂ ’ਚ ਅੱਜ ਐਸਡੀਐਮ ਅਤੇ ਡੀਐਸਪੀ ਅੱਗੇ ਭਾਵੁਕ ਹੋਈ ਮਾਂ ਨਸ਼ੇੜੀ ਪੁੱਤ ਦੀ ਜਾਨ ਬਚਾਉਣ ਲਈ ਫਰਿਆਦ ਕਰਦੀ ਰਹੀ। ਇਸ ਦੌਰਾਨ ਸਕੂਲ ਦੀ ਵਿਦਿਆਰਥਣ ਨੇ ਆਪਣੇ ਨਸ਼ੇੜੀ ਪਿਤਾ ਦੇ ਇਲਾਜ ਲਈ ਅਧਿਕਾਰੀਆਂ ਅੱਗੇ ਵਾਸਤਾ ਪਾਇਆ। ਨਸ਼ੇ ’ਚ ਟੱਲੀ ਹੋਏ ਇੱਕ ਨੌਜਵਾਨ ਨੂੰ ਤਾਂ ਘਰ ਦੇ ਇੱਕ ਕਮਰੇ ਦਾ ਦਰਵਾਜ਼ਾ ਤੋੜ ਕੇ ਬਾਹਰ ਕੱਢਣਾ ਪਿਆ। ਅੱਜ ਚਾਰ ਹੋਰ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਪ੍ਰਸ਼ਾਸਨ ਨੇ ਇਲਾਜ ਲਈ ਨਸ਼ਾ ਛੁਡਾਊ ਹਸਪਤਾਲ ਦਾਖਲ ਕਰਵਾਇਆ। ਲਗਾਤਾਰ ਤੀਜੇ ਦਿਨ ਸਿਵਲ, ਪੁਲੀਸ ਤੇ ਸਿਹਤ ਵਿਭਾਗ ਦੇ ਅਧਿਕਾਰੀ ਪਿੰਡ ਬਡਰੁੱਖਾਂ ’ਚ ਮੌਜੂਦ ਰਹੇ ਅਤੇ ਘਰ-ਘਰ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ’ਚ ਜੁਟੇ ਰਹੇ।ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਹੀ ਐਸਡੀਐਮ ਅਵਿਕੇਸ਼ ਗੁਪਤਾ ਅਤੇ ਡੀਐਸਪੀ ਰਾਜੇਸ਼ ਸਨੇਹੀ ਦੀ ਅਗਵਾਈ ਹੇਠ ਸਿਵਲ, ਪੁਲੀਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਬਡਰੁੱਖਾਂ ਪੁੱਜੀਆਂ। ਇਹ ਅਧਿਕਾਰੀ ਪੰਚਾਇਤ ਸਮੇਤ ਉਨ੍ਹਾਂ ਨੌਜਵਾਨਾਂ ਦੇ ਘਰਾਂ ’ਚ ਪੁੱਜੇ ਜੋ ਵੇਸਟ ਸਰਿੰਜਾਂ ਨਾਲ ਨਸ਼ੇ ਦੇ ਟੀਕੇ ਲਗਾ ਕੇ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਇਸੇ ਦੌਰਾਨ ਮਾਹੌਲ ਉਸ ਸਮੇਂ ਭਾਵੁਕ ਹੋ ਗਿਆ ਜਦੋਂ ਇੱਕ ਨਸ਼ੇੜੀ ਨੌਜਵਾਨ ਦੀ ਮਾਂ ਨੇ ਐਸਡੀਐਮ ਅੱਗੇ ਤਰਲਾ ਪਾਇਆ ਕਿ ਉਸ ਦੇ ਪੁੱਤ ਨੂੰ ਬਚਾ ਲਓ, ਨਸ਼ੇ ਉਸ ਦੇ ਘਰ ਨੂੰ ਬਰਬਾਦ ਕਰ ਦੇਣਗੇ। ਮਾਂ ਨੇ ਦੱਸਿਆ ਕਿ ਉੁਸ ਦਾ ਪੁੱਤ ਤਿੰਨ ਸਾਲ ਤੋਂ ਨਸ਼ੇ ਕਰ ਰਿਹਾ ਹੈ ਜਿਸ ਤੋਂ ਦੁਖੀ ਹੋ ਕੇ ਉਸ ਦੀ ਨੂੰਹ ਵੀ ਪੇਕੇ ਚਲੀ ਗਈ ਹੈ। ਉਹ ਰੋਜ਼ਾਨਾ ਨਸ਼ੇ ਦੀ ਪੂਰਤੀ ਲਈ ਪੈਸੇ ਮੰਗਦਾ ਹੈ, ਜਵਾਬ ਦੇਣ ’ਤੇ ਝਗੜਾ ਕਰਦਾ ਹੈ ਜਾਂ ਮਰਨ ਦੀ ਧਮਕੀ ਦਿੰਦਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕਰੀਏ ਤੇ ਕਿਥੇ ਜਾਈਏ। ਪਿੰਡ ’ਚ ਜਦੋਂ ਅਧਿਕਾਰੀ ਇੱਕ ਘਰ ’ਚ ਪੁੱਜੇ ਤਾਂ ਨਸ਼ੇ ਨਾਲ ਟੱਲੀ ਇੱਕ ਨੌਜਵਾਨ ਨੇ ਕਮਰੇ ਨੂੰ ਅੰਦਰੋਂ ਕੁੰਡੀ ਲਗਾ ਗਈ। ਇਹ ਨੌਜਵਾਨ ਬੀਏ, ਬੀ.ਐਡ ਕਰ ਚੁੱਕਿਆ ਹੈ ਅਤੇ ਐਮ.ਏ. ’ਚ ਦਾਖਲਾ ਲਿਆ ਹੈ। ਕਿਸਾਨ ਮੰਗੂ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਆਦੀ ਉਸ ਦੇ ਪੁੱਤਰ ਨੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਹੈ। ਮੰਜੇ, ਸਬਮਰਸੀਬਲ ਮੋਟਰ, ਭਾਂਡੇ, ਇਥੋਂ ਤੱਕ ਕਿ ਛੱਤ ਦੀਆਂ ਗਰਿੱਲਾਂ ਵੀ ਵੇਚ ਦਿੱਤੀਆਂ ਹਨ। ਨਸ਼ਿਆਂ ਲਈ ਪੈਸੇ ਮੰਗਦਾ ਹੋਇਆ ਮਾਂ ਨਾਲ ਝਗੜਾ ਕਰਦਾ ਹੈ ਜੋ ਦੁਖੀ ਹੋ ਕੇ ਆਪਣੇ ਪੇਕੇ ਚਲੀ ਗਈ ਹੈ। ਉਹ ਰੋਟੀ ਤੋਂ ਵੀ ਮੁਥਾਜ ਹੋ ਗਏ ਹਨ। ਜਦੋਂ ਨੌਜਵਾਨ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਦਰਵਾਜ਼ਾ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ ਅਤੇ ਐਬੂਲੈਂਸ ਰਾਹੀਂ ਨਸ਼ਾ ਛੁਡਾਊ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਬਾਰੇ ਹੋਰ ਮਾਵਾਂ ਨੇ ਆਪਣੀ ਬੇਵੱਸੀ ਜ਼ਾਹਰ ਕਰਦਿਆਂ ਕੀਤੀ। ਪਿੰਡ ਦੇ ਸਕੂਲ ’ਚ ਇਕ ਵਿਦਿਆਰਥਣ ਐਸਡੀਐਮ ਅਤੇ ਮਹਿਲਾ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਅੱਗੇ ਭਾਵੁਕ ਹੁੰਦਿਆਂ ਰੋਣ ਲੱਗ ਪਈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਤੇ ਮੈਡੀਕਲ ਨਸ਼ਾ ਕਰਦਾ ਹੈ। ਪਿੰਡ ’ਚ ਆਉਂਦੀ ਇੱਕ ਔਰਤ ਉਸ ਦੇ ਪਿਤਾ ਨੂੰ ਨਸ਼ਾ ਸਪਲਾਈ ਕਰਦੀ ਹੈ। ਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਲੜਕੀ ਦੇ ਦਾਦੇ ਦਾ ਚਾਚੇ ਹੱਥੋਂ ਕਤਲ ਹੋ ਗਿਆ ਸੀ। ਉਮਰ ਕੈਦ ਕੱਟ ਰਹੇ ਚਾਚੇ ਦੀ ਵੀ ਜੇਲ੍ਹ ’ਚ ਮੌਤ ਹੋ ਚੁੱਕੀ ਹੈ। ਹੁਣ ਇਸ ਦਾ ਪਿਤਾ ਨਸ਼ਿਆਂ ਦਾ ਆਦੀ ਹੋ ਚੁੱਕਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੜਕੀ ਨੂੰ ਉਸ ਦੇ ਪਿਤਾ ਦਾ ਇਲਾਜ ਕਰਾਉਣ ਦਾ ਭਰੋਸਾ ਦਿੱਤਾ ਹੈ। ਐਸਡੀਐਮ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਅੱਜ ਚਾਰ ਹੋਰ ਨੌਜਵਾਨਾਂ ਨੂੰ ਇਲਾਜ ਲਈ ਦਾਖਲ ਕੀਤਾ ਗਿਆ ਹੈ ਜਦੋਂ ਕਿ ਚਾਰ ਪਹਿਲਾਂ ਹੀ ਇਲਾਜ ਅਧੀਨ ਹਨ। ਇਨ੍ਹਾਂ ’ਚੋਂ ਪੰਜ ਨੌਜਵਾਨ ਐਚਆਈਵੀ ਪਾਜ਼ੇਟਿਵ ਅਤੇ ਤਿੰਨ ਕਾਲੇ ਪੀਲੀਏ ਤੋਂ ਪੀੜਤ ਹਨ।