ਅੰਮ੍ਰਿਤਸਰ- ਸਥਾਨਕ ਸੁਲਤਾਨਵਿੰਡ ਪਿੰਡ ਦੀ ਅਕਾਸ਼ ਐਵੇਨਿਊ ਸਥਿਤ ਅਕਾਲੀ ਆਗੂ ਅਨਵਰ ਮਸੀਹ ਦੀ ਕੋਠੀ, ਜਿੱਥੋਂ ਐੱਸਟੀਐੱਫ ਨੇ 450 ਕਿੱਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ, ਦਾ ਸੀਲ ਕੀਤਾ ਬਾਹਰੀ ਦਰਵਾਜ਼ਾ ਅੱਜ ਸਵੇਰੇ ਖੁੱਲ੍ਹਾ ਮਿਲਿਆ। ਦਰਵਾਜ਼ੇ ਦਾ ਕੁੰਡਾ ਵੀ ਟੁੱਟਿਆ ਹੋਇਆ ਸੀ, ਜਿਸ ਸਬੰਧੀ ਭੇਤ ਬਰਕਰਾਰ ਹੈ। ਦੂਜੇ ਪਾਸੇ ਪੁਲੀਸ ਨੇ ਇਸ ਸਬੰਧੀ ਅਗਿਆਨਤਾ ਪ੍ਰਗਟਾਈ ਹੈ। ਅੱਜ ਸਵੇਰੇ ਅਨਵਰ ਮਸੀਹ ਦੀ ਕੋਠੀ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਇੱਥੇ ਨੇੜੇ ਰਹਿੰਦੇ ਲੋਕਾਂ ਨੇ ਨੇੜਲੇ ਪੁਲੀਸ ਥਾਣੇ ਵਿਚ ਸੂਚਨਾ ਦਿੱਤੀ। ਮੁੱਢਲੇ ਤੌਰ ’ਤੇ ਦੇਖਣ ’ਤੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਨੇ ਕੋਠੀ ਵਿਚ ਦਾਖ਼ਲ ਹੋਣ ਵਾਸਤੇ ਇਸ ਦੇ ਬਾਹਰਲੇ ਮੁੱਖ ਦਰਵਾਜ਼ੇ ਦੇ ਕੁੰਡੇ ਦਾ ਇਕ ਹਿੱਸਾ ਕੱਟ ਦਿੱਤਾ ਹੋਵੇ। ਲੋਹੇ ਦੇ ਦੋ ਦਰਵਾਜ਼ਿਆਂ ਵਿਚਾਲੇ ਤਾਲਾ ਲਾਉਣ ਵਾਸਤੇ ਬਣੇ ਇਸ ਕੁੰਡੇ ਦਾ ਕੁਝ ਹਿੱਸਾ ਇਸ ਤਰ੍ਹਾਂ ਕੱਟਿਆ ਹੋਇਆ ਹੈ ਕਿ ਜੇ ਦੋਵੇਂ ਦਰਵਾਜ਼ੇ ਬੰਦ ਹੋਣ ਤਾਂ ਉਨ੍ਹਾਂ ਨੂੰ ਦੂਰੋਂ ਤਾਲਾ ਲੱਗਾ ਹੋਇਆ ਮਹਿਸੂਸ ਹੁੰਦਾ ਹੈ। ਦਰਵਾਜ਼ੇ ਨੂੰ ਤਾਲਾ ਵੀ ਲੱਗਾ ਹੋਇਆ ਹੈ, ਜੋ ਬੰਦ ਹੈ ਪਰ ਕੁੰਡੇ ਦਾ ਇਕ ਹਿੱਸਾ ਕੱਟਿਆ ਹੋਣ ਕਾਰਨ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਅਕਾਲੀ ਆਗੂ ਦੀ ਸੀਲ ਕੀਤੀ ਕੋਠੀ ਦਾ ਦਰਵਾਜ਼ਾ ਕਿਸੇ ਵੱਲੋਂ ਖੋਲ੍ਹਣਾ ਫ਼ਿਲਹਾਲ ਭੇਤ ਬਣਿਆ ਹੋਇਆ ਹੈ। ਇਸ ਬਾਰੇ ਪੁਲੀਸ ਕੋਲ ਕੋਈ ਜਾਣਕਾਰੀ ਨਹੀਂ ਹੈ। ਐੱਸਟੀਐੱਫ ਦੇ ਅਧਿਕਾਰੀ ਵਵਿੰਦਰ ਮਹਾਜਨ ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਕੋਠੀ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਇਸ ਬਾਰੇ ਪਤਾ ਲਾਉਣ ਦੀ ਹਦਾਇਤ ਕੀਤੀ ਹੈ।
ਮਜੀਠੀਆ ਦੇ ਇਸ਼ਾਰੇ ’ਤੇ ਕੈਪਟਨ ਨੇ ਅਨਵਰ ਮਸੀਹ ਨੂੰ ਛੱਡਿਆ: ਬੈਂਸ
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪੱਤਰਕਾਰ ਮਿਲਣੀ ਕਰ ਕੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੇ ਕਹਿਣ ’ਤੇ 1000 ਕਰੋੜ ਰੁਪਏ ਦੀ ਫੜੀ ਗਈ ਹੈਰੋਇਨ ਮਾਮਲੇ ’ਚ ਕੋਠੀ ਮਾਲਕ ਅਨਵਰ ਮਸੀਹ ਨੂੰ ਛੱਡਿਆ ਹੈ। ਹੁਣ ਖਾਨਾਪੂਰਤੀ ਲਈ ਪੁਲੀਸ ਅਨਵਰ ਨੂੰ ਨੋਟਿਸ ਭੇਜ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਅਨਵਰ ਮਸੀਹ ਨੂੰ ਫੜ ਕੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਂਦੀ ਤਾਂ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਉਣੇ ਸਨ। ਇਸੇ ਕਾਰਨ ਅਨਵਰ ਮਸੀਹ ਨੂੰ ਭਜਾਇਆ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ’ਚ ਸਖ਼ਤ ਕਦਮ ਚੁੱਕਦੇ ਹੋਏ ਅਨਵਰ ਨੂੰ ਗ੍ਰਿਫ਼ਤਾਰ ਕਰ ਕੇ ਸਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ।