ਚੋਰੀਆਂ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮ ਕਾਬੂ; 12 ਬੈਟਰੀਆਂ ਤੇ ਸਕੂਟਰ ਬਰਾਮਦ
ਚੰਡੀਗੜ੍ਹ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਨਸ਼ੀਲੇ ਟੀਕਿਆਂ, ਗਾਂਜੇ ਤੇ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੀਆਂ 12 ਬੈਟਰੀਆਂ ਤੇ ਇਕ ਸਕੂਟਰ ਬਰਾਮਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਮਿਲਣ ’ਤੇ ਪੁਲੀਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲੀਸ ਨੂੰ ਸੈਕਟਰ-45 ਦੀ ਗਾਊਸ਼ਾਲਾ ਨੇੜੇ ਸ਼ੱਕੀ ਵਿਅਕਤੀ ਘੁੰਮਦਾ ਮਿਲਿਆ। ਸੈਕਟਰ-34 ਥਾਣੇ ਦੇ ਮੁਖੀ ਬਲਦੇਵ ਕੁਮਾਰ ਨੇ ਜਦੋਂ ਉਸ ਤੋਂ ਪੁੱਛ-ਪੜਤਾਲ ਕੀਤੀ ਤਾਂ ਉਸ ਦੀ ਪਛਾਣ ਬੁੜੈਲ ਦੇ ਸ਼ਿਵਾ ਠਾਕੁਰ ਵਜੋਂ ਹੋਈ। ਪੁਲੀਸ ਅਨੁਸਾਰ ਉਸ ਦੀ ਤਲਾਸ਼ੀ ਲੈਣ ’ਤੇ 30 ਨਸ਼ੀਲੇ ਟੀਕੇ ਬਰਾਮਦ ਹੋਏ ਜਿਨ੍ਹਾਂ ਬਾਰੇ ਉਸ ਕੋਲ ਕੋਈ ਪਰਮਿਟ ਨਹੀਂ ਸੀ। ਪੁਲੀਸ ਨੇ ਮੁਲਜ਼ਮ ਵਿਰੁੱਧ ਸੈਕਟਰ-34 ਥਾਣੇ ਵਿਚ ਕੇਸ ਦਰਜ ਕਰਕੇ ਜਦੋਂ ਪੁੱਛ-ਪੜਤਾਲ ਕੀਤੀ ਤਾਂ ਹੋਰ ਖੁਲਾਸੇ ਹੋਏ। ਉਸ ਕੋਲੋਂ ਪਿਛਲੇ ਸਾਲ ਵੀ 8 ਸਤੰਬਰ ਨੂੰ 100 ਨਸ਼ੀਲੇ ਟੀਕੇ ਬਰਾਮਦ ਹੋਏ ਸਨ ਅਤੇ ਉਹ ਜ਼ਮਾਨਤ ’ਤੇ ਬਾਹਰ ਆ ਕੇ ਮੁੜ ਇਸ ਧੰਦੇ ਵਿਚ ਪੈ ਗਿਆ ਸੀ। ਇਸੇ ਦੌਰਾਨ ਮਨੀਮਾਜਰਾ ਥਾਣੇ ਦੀ ਪੁਲੀਸ ਨੇ ਇਥੋਂ ਦੇ ਸ਼ਿਭੁੂ ਸ਼ੰਕਰ ਨੂੰ 2.10 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਮਲੋਆ ਥਾਣੇ ਦੀ ਪੁਲੀਸ ਨੇ ਸੈਕਟਰ-25 ਦੇ ਸਾਹਿਲ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਚੋਰੀਆਂ ਦੇ ਮਾਮਲੇ ਵਿਚ ਵੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 12 ਬੈਟਰੀਆਂ ਤੇ ਇਕ ਸਕੂਟਰ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਬਾਪੂ ਧਾਮ ਕਲੋਨੀ ਸੈਕਟਰ-26 ਦੇ 23 ਸਾਲਾਂ ਦੇ ਆਦਿਲ ਨੂੰ 3 ਮਈ ਨੂੰ ਇੰਦਰਾ ਕਲੋਨੀ ਵਿਚੋਂ ਈ-ਰਿਕਸ਼ਿਆਂ ਦੀਆਂ 3 ਬੈਟਰੀਆਂ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਪੁੱਛ-ਪੜਤਾਲ ਕਰਨ ’ਤੇ ਚੋਰੀ ਕੀਤੀਆਂ 12 ਬੈਟਰੀਆਂ ਬਰਾਮਦ ਹੋਈਆਂ ਹਨ। ਪੁਲੀਸ ਅਨੁਸਾਰ ਮੁਲਜ਼ਮ ਵਿਰੁੱਧ ਪਹਿਲਾਂ ਵੀ ਲੁੱਟਾਂ, ਚੋਰੀਆਂ ਅਤੇ ਹੋਰ ਦੋਸ਼ਾਂ ਹੇਠ ਪੰਜ ਕੇਸ ਦਰਜ ਹਨ। ਉਹ ਦਸਵੀਂ ਪਾਸ ਹੈ ਅਤੇ ਡੈਂਟਿੰਗ ਦਾ ਕੰਮ ਕਰਦਾ ਹੈ। ਮੁਲਜ਼ਮ ਵਿਰੁੱਧ ਆਈਟੀ ਪਾਰਕ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁਲੀਸ ਨੇ ਬਾਪੂ ਧਾਮ ਕਲੋਨੀ ਦੇ ਹੀ ਵਿਨੋਦ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀ ਦਾ ਐਕਟਿਵਾ ਸਕੂਟਰ (ਸੀਐਚ 01 ਬੀਐਫ 5173) ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਇਹ ਸਕੂਟਰ ਸਾਸ਼ਤਰੀ ਨਗਰ ਮਨੀਮਾਜਰਾ ਦੀ ਮੱਛੀ ਮਾਰਕੀਟ ਵਿਚੋਂ ਚੋਰੀ ਕੀਤਾ ਸੀ। ਪੁਲੀਸ ਅਨੁਸਾਰ 33 ਸਾਲਾਂ ਦਾ ਇਹ ਮੁਲਜ਼ਮ ਲੇਬਰ ਦਾ ਕੰਮ ਕਰਦਾ ਹੈ।