ਸ੍ਰੀ ਗੋਇੰਦਵਾਲ ਸਾਹਿਬ- ਇਲਾਕੇ ਵਿੱਚ ਕਥਿਤ ਨਸ਼ਾ ਤਸਕਰੀ ਲਈ ਬਦਨਾਮ ਮਨੀ ਨਾਮਕ ਨੌਜਵਾਨ ਸਥਾਨਕ ਪੁਲੀਸ ਲਈ ਸਿਰਦਰਦੀ ਬਣ ਰਿਹਾ ਹੈ ਜੋ ਸਥਾਨਕ ਪੁਲੀਸ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਲੁਕਣ ਮੀਟੀ ਖੇਡ ਰਿਹਾ ਹੈ। ਉਸ ’ਤੇ ਥਾਣਾ ਗੋਇੰਦਵਾਲ ਸਾਹਿਬ ਵਿਚ ਪਹਿਲਾਂ ਵੀ ਐਨਡੀਪੀਐਸ ਦੇ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ। ਪਿਛਲੇ ਤਿੰਨ ਮਹੀਨਿਆਂ ਤੋਂ ਉਕਤ ਨੌਜਵਾਨ ਪੁਲੀਸ ਦੀ ਪਕੜ ਤੋਂ ਬਾਹਰ ਰਹਿੰਦਾ ਆ ਰਿਹਾ ਹੈ ਜਿਸ ਦਾ ਕਾਰਨ ਇਸ ’ਤੇ ਇੱਕ ਸਥਾਨਕ ਪੁਲੀਸ ਅਧਿਕਾਰੀ ਜਾਂ ਸਿਆਸੀ ਆਗੂ ਦਾ ਕਥਿਤ ਹੱਥ ਹੋਣਾ ਮੰਨਿਆ ਜਾ ਰਿਹਾ ਹੈ। ਉਕਤ ਨੌਜਵਾਨ ਸਥਾਨਕ ਪੁਲੀਸ ਲਈ ਚੁਣੌਤੀ ਬਣਿਆ ਹੋਇਆ ਹੈ। ਗੋਇੰਦਵਾਲ ਸਾਹਿਬ ਦੀ ਪੁਲੀਸ ਇਸ ਨੌਜਵਾਨ ਦੇ ਘਰ ਪਿਛਲੇ ਤਿੰਨ ਮਹੀਨਿਆਂ ਤੋਂ ਛਾਪੇ ਮਾਰ ਰਹੀ ਹੈ ਪਰ ਉਕਤ ਨੌਜਵਾਨ ਨੂੰ ਪੁਲੀਸ ਛਾਪਿਆਂ ਦੀ ਅਗਾਊਂ ਸੂਚਨਾ ਹੋਣ ਕਾਰਨ ਇਹ ਪੁਲੀਸ ਦੀ ਗਿਰਫਤ ਤੋਂ ਬਚਦਾ ਆ ਰਿਹਾ ਹੈ ਅਤੇ ਇਲਾਕੇ ਵਿੱਚ ਸ਼ਰੇਆਮ ਆਪਣੀਆਂ ਗਤੀਵਿਧੀਆਂ ਨੂੰ ਬੇਖੌਫ ਅੰਜਾਮ ਦੇ ਰਿਹਾ ਹੈ। ਇਹ ਨੌਜਵਾਨ ਕਸਬੇ ਵਿੱਚ ਚਿੱਟੇ ਦਿਨ ਇਲਾਕੇ ਵਿੱਚ ਸ਼ਰੇਆਮ ਘੁੰਮਦਾ ਅਕਸਰ ਦਿਖਾਈ ਦਿੰਦਾ ਹੈ ਬੱਸ ਪੁਲੀਸ ਨੂੰ ਨਜ਼ਰ ਨਹੀਂ ਆਉਂਦਾ।
ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਪੁਲੀਸ ਰੇਡ ਦੌਰਾਨ ਨਸ਼ਿਆਂ ਦੇ ਧੰਦੇ ਨਾਲ ਜੁੜਿਆ ਮਨੀ ਨਾਮਕ ਨੌਜਵਾਨ ਘਰ ਨਹੀਂ ਮਿਲ ਰਿਹਾ ਜਿਸ ਸਬੰਧੀ ਪੁਲੀਸ ਨੂੰ ਸੂਚਨਾ ਹੈ ਕਿ ਉਹ ਵੱਡੇ ਪੱਧਰ ਤੇ ਕਸਬੇ ਅੰਦਰ ਨਸ਼ਿਆਂ ਦੀ ਵਿਕਰੀ ਕਰ ਰਿਹਾ ਹੈ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਸੰਪਰਕ ਕਰਨ ’ਤੇ ਡੀਐਸਪੀ ਰਵਿੰਦਰਪਾਲ ਸਿੰਘ ਢਿੱਲੋਂ ਨੇ ਹੈਰਾਨੀ ਜਤਾਉਦਿਆਂ ਕਿਹਾ ਉਹ ਇਸ ਮਾਮਲੇ ਨੂੰ ਖੁਦ ਦੇਖਣਗੇ ਅਤੇ ਜਲਦ ਤੋਂ ਜਲਦ ਨਸ਼ਾ ਤਸਕਰ ਪੁਲੀਸ ਦੀ ਗਿਰਫਤ ਚ ਹੋਵੇਗਾ। ਨਸ਼ਾ ਤਸਕਰਾਂ ਨੂੰ ਅਗਾਊਂ ਸੂਚਨਾ ਦੇਣ ਵਾਲੇ ਮਾਮਲੇ ਦੀ ਪੜਤਾਲ ਹੋਵੇਗੀ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਪੁਲੀਸ ਮੁਲਾਜ਼ਮਾਂ ’ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
INDIA ਨਸ਼ਾ ਤਸਕਰ ਤਿੰਨ ਮਹੀਨਿਆਂ ਤੋਂ ਪੁਲੀਸ ਨਾਲ ਖੇਡ ਰਿਹਾ ਹੈ ਲੁਕਣ ਮੀਟੀ