ਦਾਜ ਦੀ ਮੰਗ ਕਰਦਿਆਂ ਸਹੁਰਾ ਪਰਿਵਾਰ ਵਲੋਂ ਕਥਿਤ ਤੌਰ ’ਤੇ ਹਫ਼ਤਾ ਪਹਿਲਾਂ ਕੁੱਟ ਮਾਰ ਕਰਕੇ ਘਰੋਂ ਕੱਢੀ ਗਈ ਨਵ-ਵਿਆਹੁਤਾ ਅਤੇ ਉਸਦੀ ਮਾਂ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਅਮਨਦੀਪ ਕੌਰ (28 ਸਾਲ) ਅਤੇ ਉਸਦੀ ਮਾਤਾ ਜਸਵਿੰਦਰ ਕੌਰ (55 ਸਾਲ) ਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ| ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲੀਸ ਨੇ ਅਮਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ, ਦਿਓਰ ਲਵਪ੍ਰੀਤ ਸਿੰਘ, ਨਨਾਣ ਭੋਲਾ ਅਤੇ ਸੱਸ ਗਿੰਦੀ ਵਾਸੀ ਬੱਲ ਕਲਾਂ (ਮਜੀਠਾ) ਖ਼ਿਲਾਫ਼ ਧਾਰਾ 306, 120-ਬੀ ਅਧੀਨ ਮਾਮਲਾ ਦਰਜ ਕੀਤਾ ਹੈ| ਅਮਨਦੀਪ ਕੌਰ ਦਾ ਵਿਆਹ ਅਜੇ 15 ਦਸੰਬਰ, 2018 ਨੂੰ ਹਰਪ੍ਰੀਤ ਸਿੰਘ ਨਾਲ ਹੋਇਆ ਸੀ| ਉਸਦੇ ਸਹੁਰਾ ਪਰਿਵਾਰ ਨੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅਮਨਦੀਪ ਕੌਰ ਨੂੰ ਦਾਜ ਘੱਟ ਲੈ ਕੇ ਆਉਣ ਕਰਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ| ਉਸ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਨੇ ਹਫ਼ਤਾ ਪਹਿਲਾਂ ਅਮਨਦੀਪ ਕੌਰ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ, ਜਿਸ ਕਰਕੇ ਉਹ ਆਪਣੇ ਪੇਕੇ ਆ ਗਈ ਸੀ| ਇਸ ਸਦਮੇ ਨੂੰ ਬਰਦਾਸ਼ਤ ਨਾ ਕਰਦਿਆਂ ਬੀਤੀ ਰਾਤ ਅਮਨਦੀਪ ਅਤੇ ਉਸਦੀ ਮਾਤਾ ਨੇ ਘਰ ਵਿਚ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਦੋਹਾਂ ਨੂੰ ਗੰਭੀਰ ਹਾਲਤ ਵਿੱਚ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਅਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਕੁਝ ਹੀ ਸਮੇਂ ਬਾਅਦ ਜਸਵਿੰਦਰ ਕੌਰ ਦੀ ਵੀ ਮੌਤ ਹੋ ਗਈ| ਲਾਸ਼ਾਂ ਨੂੰ ਪੋਸਟਮਾਰਟਮ ਲਈ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।