ਪੇਈਚਿੰਗ (ਸਮਾਜਵੀਕਲੀ) – ਚੀਨ ਦੇ ਇਕ ਸਿਖਰਲੇ ਮੈਡੀਕਲ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਤੇ ਹੋਰਨਾਂ ਮੁਲਕਾਂ ਵਿੱਚ ਨਵੰਬਰ ਵਿੱਚ ਮੁੜ ਤੋਂ ਕਰੋਨਾਵਾਇਰਸ ਦੀ ਲਾਗ ਫੈਲ ਸਕਦੀ ਹੈ। ਇਹ ਚਿਤਾਵਨੀ ਅਜਿਹੇ ਮੌਕੇ ਦਿੱਤੀ ਗਈ ਹੈ ਜਦੋਂ ਕਰੀਬ ਤਿੰਨ ਮਹੀਨੇ ਤਕ ਮਹਾਮਾਰੀ ਨਾਲ ਲੜਨ ਮਗਰੋਂ ਵਿਸ਼ਵ ਦੇ ਸਭ ਤੋਂ ਵੱਡੇ ਅਰਥਚਾਰੇ ਚੀਨ ਵਿੱਚ ਹਾਲਾਤ ਹੌਲੀ ਹੌਲੀ ਆਮ ਵਾਂਗ ਹੋਣ ਲੱਗੇ ਹਨ।
ਸ਼ੰਘਾਈ ਵਿੱਚ ਕੋਵਿਡ-19 ਮਾਹਿਰ ਟੀਮ ਅਤੇ ਸ਼ਹਿਰ ਦੇ ਸਿਖਰਲੇ ਹਸਪਤਾਲ ਵਿੱਚ ਲਾਗ ਨਾਲ ਸਬੰਧਤ ਰੋਗ ਵਿਭਾਗ ਦੇ ਮੁਖੀ ਝਾਂਗ ਵੇਹੋਂਗ ਨੂੰ ਇਹ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਮੁਲਕ ਮੁੜ ਮੁੜ ਉਭਰਨ ਵਾਲੀ ਮਹਾਮਾਰੀ ਪ੍ਰਤੀ ਨਰਮ ਰੁਖ਼ ਅਪਣਾਏਗਾ।
ਝਾਂਗ ਨੇ ਕਿਹਾ ਕਿ ਕੁੱਲ ਆਲਮ ਦੇ ਮੁਲਕ ਪੱਤਝੜ ਦੇ ਮੌਸਮ ਤਕ ਕਰੋਨਾਵਾਇਰਸ ਮਹਾਮਾਰੀ ’ਤੇ ਕਾਫ਼ੀ ਹੱਦ ਤਕ ਕੰਟਰੋਲ ਕਰ ਲੈਣਗੇ, ਪਰ ਉਨ੍ਹਾਂ ਕਿਹਾ ਕਿ ਆਗਾਮੀ ਸਰਦੀਆਂ ਦੇ ਮੌਸਮ ਵਿੱਚ ਚੀਨ ਤੇ ਹੋਰਨਾਂ ਮੁਲਕਾਂ ਨੂੰ ਇਸ ਮਹਾਮਾਰੀ ਦਾ ਮੁੜ ਟਾਕਰਾ ਕਰਨਾ ਪੈ ਸਕਦਾ ਹੈ।
ਲਘੂ ਵੀਡੀਓਜ਼ ਬਣਾਉਣ ਲਈ ਮਕਬੂਲ ਪਲੈਟਫਾਰਮ ‘ਕੁਆਇਸ਼ੋਅ’ ’ਤੇ ਲਾਈਵ ਸਟ੍ਰੀਮਿੰਗ ਦੌਰਾਨ ਝਾਂਗ ਨੇ ਕਿਹਾ ਕਿ ਚੀਨ ਕੋਲ ਹੁਣ ਇਸ ਬਿਮਾਰੀ ਨੂੰ ਕਾਬੂ ਪਾਉਣ ਦਾ ਤਜਰਬਾ ਹੈ, ਜਿਸ ਤੋਂ ਭਾਵ ਹੈ ਕਿ ਇਸ ਸਾਲ ਦੇ ਆਖਿਰ ਤਕ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਇਸ ਨੂੰ ਕਾਬੂ ਵਿੱਚ ਰੱਖਣ ਲਈ ਨਾਟਕੀ ਤੇ ਸਖ਼ਤ ਉਪਾਅ ਦੁਹਰਾਉਣ ਦੀ ਲੋੜ ਨਹੀਂ ਪਏਗੀ।
ਝਾਂਗ ਨੇ ਇਹ ਟਿੱਪਟੀ ਅਜਿਹੇ ਮੌਕੇ ਕੀਤੀ ਹੈ ਜਦੋਂ ਚੀਨ ਨੇ ਆਪਣੇ ਅਰਥਚਾਰੇ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਤਾਲਾਬੰਦੀ ਨੇਮਾਂ ’ਚ ਢਿੱਲ ਦੇਣੀ ਸ਼ੁਰੂ ਕੀਤੀ ਹੈ। ਚੀਨ ਵਿੱਚ ਕੋਵਿਡ-19 ਪਾਜ਼ੇਟਿਵ ਕੇਸਾਂ ਦੀ ਗਿਣਤੀ 82 ਹਜ਼ਾਰ ਨੂੰ ਟੱਪ ਚੁੱਕੀ ਹੈ ਤੇ 3342 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਕਰੋਨਾਵਾਇਰਸ ਲਾਗ ਦਾ ਕੇਂਦਰ ਬਿੰਦੂ ਰਹੇ ਵੂਹਾਨ ਤੋਂ ਨਵੇਂ ਕੇਸ ਸਾਹਮਣੇ ਨਹੀਂ ਆ ਰਹੇ ਤੇ ਚੀਨ ਵਿੱਚ ਦਰਜ ਜ਼ਿਆਦਾਤਰ ਕੇਸ ਉਨ੍ਹਾਂ ਚੀਨੀ ਨਾਗਰਿਕਾਂ ਦੇ ਹਨ, ਜੋ ਵਿਦੇਸ਼ ਯਾਤਰਾ ਤੋਂ ਪਰਤੇ ਹਨ।