ਲੰਡਨ (ਸਮਾਜ ਵੀਕਲੀ): ਸੰਸਦ ਦੇ ਦੋਵਾਂ ਸਦਨਾਂ ਵਿੱਚ ਬੁੱਧਵਾਰ ਨੂੰ ਪਾਸ ਹੋਏ ਬ੍ਰੈਗਜ਼ਿਟ ਬਿੱਲ ਨੂੰ ਮਹਾਰਾਣੀ ਐਲਿਜ਼ਾਬੈੱਥ ਦੋਇਮ ਵਲੋਂ ਰਸਮੀਂ ਤੌਰ ’ਤੇ ਪ੍ਰਵਾਨਗੀ ਦਿੱਤੇ ਜਾਣ ਦਾ ਅਰਥ ਹੈ ਕਿ ਯੂਕੇ ਹੁਣ ਯੂਰੋਪੀਅਨ ਯੂਨੀਅਨ (ਈਯੂ) ਵਿਚੋਂ ਅਧਿਕਾਰਤ ਤੌਰ ’ਤੇ ਬਾਹਰ ਹੋਣ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਚੜ੍ਹਨ ਵਾਲੇ ਨਵੇਂ ਵਰ੍ਹੇ ਦੇ ਦਿਨ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮੁਲਕ ਲਈ ‘ਨਵੀਂ ਸ਼ੁਰੂਆਤ’ ਕਿਹਾ ਹੈ।
ਜੌਹਨਸਨ ਨੇ ਯੂਰੋਪੀਅਨ ਯੂਨੀਅਨ (ਭਵਿੱਖ ਰਿਸ਼ਤਾ) ਬਿੱਲ ਇੱਕ ਦਿਨ ਵਿੱਚ ਪਾਸ ਕੀਤੇ ਜਾਣ ’ਤੇ ਸੰਸਦ ਮੈਂਬਰਾਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਮੁਲਕ ਨੂੰ ਵੀਰਵਾਰ ਰਾਤ 11 ਵਜੇ ਦਾ ਉਹ ਪਲ ‘ਕੈਦ’ ਕਰਨ ਲਈ ਕਿਹਾ ਜਦੋਂ 27 ਮੈਂਬਰੀ ਆਰਥਿਕ ਬਲਾਕ ਨਾਲ ਤਬਾਦਲੇ ਦੀ ਪ੍ਰਕਿਰਿਆ ਦਾ ਸਮਾਂ ਖ਼ਤਮ ਹੋਵੇਗਾ। ਜੌਹਨਸਨ ਨੇ ਕਿਹਾ, ‘‘ਇਸ ਮਹਾਨ ਮੁਲਕ ਦੀ ਕਿਸਮਤ ਹੁਣ ਮਜ਼ਬੂਤੀ ਨਾਲ ਸਾਡੇ ਹੱਥਾਂ ਵਿੱਚ ਹੈ। ਅਸੀਂ ਇਸ ਜ਼ਿੰਮੇਵਾਰੀ ਨੂੰ ਕਬੂਲਦੇ ਹਾਂ।’’