ਸਿਡਨੀ- ਇਥੇ ਨਵੇਂ ਸਾਲ ਦੀ ਆਮਦ ਦੇ ਜਸ਼ਨਾਂ ਨੂੰ ਲੈ ਕਿ ਵਿਵਾਦ ਛਿੜਿਆ ਹੋਇਆ ਹੈ। ਸੱਤ ਅਜੂਬਿਆਂ ਵਿਚ ਸ਼ਾਮਲ ਓਪੇਰਾ ਹਾਊਸ ਨੇੜੇ ਹਾਰਬਰ ਪੁਲ ਉੱਤੇ ਹਰ ਸਾਲ ਆਤਿਸ਼ਬਾਜ਼ੀ ਹੁੰਦੀ ਹੈ ਪਰ ਇਸ ਵਾਰ ਕੁੱਝ ਲੋਕਾਂ ਨੇ ਇਸ ਨੂੰ ਬੰਦ ਕਰਨ ਲਈ ਆਵਾਜ਼ ਉਠਾਈ ਹੈ। ਵਾਤਾਵਰਨ ਪ੍ਰੇਮੀਆਂ ਨੇ ਆਨਲਾਈਨ ਪਟੀਸ਼ਨ ਪਾਈ ਹੈ। ਪਟੀਸ਼ਨ ਉੱਤੇ ਕਰੀਬ 2 ਲੱਖ 60533 ਲੋਕਾਂ ਨੇ ਦਸਤਖ਼ਤ ਕੀਤੇ ਹਨ। ਉਨ੍ਹਾਂ ਆਤਿਸ਼ਬਾਜ਼ੀ ਨਾਲ ਵਾਤਾਵਰਨ ਨੂੰ ਪੁੱਜਦੇ ਨੁਕਸਾਨ ਦਾ ਜ਼ਿਕਰ ਕੀਤਾ ਹੈ। ਪਤਾ ਲੱਗਾ ਹੈ ਕਿ ਇਥੇ ਨਵੇਂ ਸਾਲ ਮੌਕੇ ਕਰੀਬ 5.80 ਲੱਖ ਡਾਲਰ ਦੀ ਆਤਿਸ਼ਬਾਜ਼ੀ ਚੱਲੇਗੀ। ਇਹ ਰਾਸ਼ੀ ਰਾਹਤ ਕਾਰਜਾਂ ਉੱਤੇ ਖਰਚਣ ਦੀ ਸਲਾਹ ਵੀ ਦਿੱਤੀ ਹੈ। ਦੂਜੇ ਪਾਸੇ ਸਿਡਨੀ ਦੇ ਮੇਅਰ ਨੇ ਕਿਹਾ ਹੈ ਕਿ ਜਸ਼ਨ ਦੀਆਂ ਤਿਆਰੀਆਂ ਸਿਖ਼ਰਾਂ ’ਤੇ ਹਨ। ਹੁਣ ਸਮਾਗਮ ਰੱਦ ਕਰਨਾ ਨਾਮੁਮਕਿਨ ਹੈ। ਨਵੇਂ ਸਾਲ ਦਾ ਸਵਾਗਤ ਕਰਨ ਲਈ ਮਾਹੌਲ ਉਤਸ਼ਾਹ ਨਾਲ ਭਰਿਆ ਹੋਇਆ ਹੈ।