ਲੁਧਿਆਣਾ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ ਇਸ ਵਾਰ ਲੁਧਿਆਣਾ ਪੁਲੀਸ ਦੀ ਪੂਰੀ ਨਜ਼ਰ ਰਹੀ। ਨਵੇਂ ਸਾਲ ਤੋਂ ਪਹਿਲਾਂ ਹੀ ਸੜਕਾਂ ’ਤੇ ਸੁਰੱਖਿਆ ਲਈ ਉਤਰੀ ਪੁਲੀਸ ਦੇਰ ਰਾਤ 2 ਵਜੇ ਤੱਕ ਸੜਕਾਂ ’ਤੇ ਹੀ ਰਹੀ। ਇਸ ਦੌਰਾਨ ਪੁਲੀਸ ਨੇ ਨਾ ਤਾਂ ਜ਼ਿਆਦਾ ਚਲਾਨ ਕੀਤੇ ਤੇ ਨਾ ਬਹੁਤੇ ਕੇਸ ਦਰਜ ਕੀਤੇ। 31 ਦਸੰਬਰ ਨੂੰ ਟਰੈਫਿਕ ਪੁਲੀਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਸਿਰਫ ਤਿੰਨ ਵਾਹਨ ਚਾਲਕਾਂ ਦਾ ਹੀ ਚਲਾਨ ਕੀਤਾ। ਪੁਲੀਸ ਵੱਲੋਂ ਸਨਅਤੀ ਸ਼ਹਿਰ ’ਚ 25 ਥਾਵਾਂ ’ਤੇ ਨਾਕਾ ਲਾਇਆ ਗਿਆ ਸੀ। ਇਸ ਦੌਰਾਨ ਮੁਲਾਜ਼ਮਾਂ ਨੂੰ ਐਲਕੋਮੀਟਰ ਵੀ ਦਿੱਤੇ ਗਏ ਸਨ ਤਾਂ ਕਿ ਵਾਹਨ ਚਾਲਕਾਂ ਨੂੰ ਰੋਕ ਕੇ ਚੈੱਕ ਕੀਤਾ ਜਾ ਸਕੇ ਕਿ ਉਸ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ। ਉਧਰ, ਟਰੈਫਿਕ ਪੁਲੀਸ ਨੇ 30 ਗੱਡੀਆਂ ਵੀ ਟੋਅ ਕੀਤੀਆਂ ਜੋ ਕਿ ਗਲਤ ਪਾਰਕਿੰਗ ਵਿੱਚ ਖੜੀਆਂ ਸਨ, ਬਾਕੀ ਲੁਧਿਆਣਾ ਵਿੱਚ ਸਭ ਕੁੱਝ ਸੁੱਖ ਸ਼ਾਂਤੀ ਨਾਲ ਨਿਬੜ ਗਿਆ। ਦਰਅਸਲ, ਸਨਅਤੀ ਸ਼ਹਿਰ ਵਿੱਚ ਹਮੇਸ਼ਾ ਹੀ 31 ਦਸੰਬਰ ਦੀ ਰਾਤ ਨੂੰ ਕੋਈ ਨਾ ਕੋਈ ਘਟਨਾ ਜ਼ਰੂਰ ਹੁੰਦੀ ਹੈ, ਪਰ ਇਸ ਵਾਰ ਲੁਧਿਆਣਾ ਦੇ ਨਵੇਂ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀ ਸਖ਼ਤੀ ਨੂੰ ਵੇਖਦੇ ਹੋਏ ਅਜਿਹਾ ਕੁੱਝ ਨਹੀਂ ਹੋਇਆ। ਦੇਰ ਰਾਤ ਸਰਾਭਾ ਨਗਰ ਮਾਰਕੀਟ ਵਿੱਚ ਹਵਾਈ ਗੋਲੀਆਂ ਚੱਲਣ ਦੀ ਅਫ਼ਵਾਹ ਜ਼ਰੂਰ ਫੈਲੀ, ਪਰ ਉਸ ਸਬੰਧੀ ਕੁੱਝ ਸਪੱਸ਼ਟ ਨਹੀਂ ਹੋ ਸਕਿਆ। ਨਵੇਂ ਸਾਲ ਤੋਂ ਪਹਿਲਾਂ ਪੁਲੀਸ ਨੇ ਫੇਸਬੁੱਕ ’ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਾਰੂ ਪੀ ਕੇ ਗੱਡੀ ਨਾ ਚਲਾਉਣ ਦੀ ਦਿੱਤੀ ਸਲਾਹ ਅਤੇ ਕਾਰਵਾਈ ਕਰਨ ਦੇ ਦਿੱਤੇ ਡਰ ਦਾ ਅਸਰ ਵੇਖਣ ਨੂੰ ਜ਼ਰੂਰ ਮਿਲਿਆ। ਪੁਲੀਸ ਦਾ ਏਨਾ ਜ਼ਰੂਰ ਕਹਿਣਾ ਹੈ ਕਿ ਇਸ ਵਾਰ ਨਵੇਂ ਸਾਲ ਦੇ ਜਸ਼ਨ ਦੌਰਾਨ ਪੁਲੀਸ ਨੇ ਚਲਾਨ ਕੱਟਣ ’ਤੇ ਘੱਟ ਧਿਆਨ ਦਿੱਤਾ ਅਤੇ ਟਰੈਫਿਕ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਤੋਂ ਨਿਜਾਤ ਦਿਵਾਉਣ ਵੱਲ ਧਿਆਨ ਵੱਧ ਦਿੱਤਾ ਗਿਆ। ਸ਼ਹਿਰ ਵਿੱਚ ਫਿਰ ਵੀ ਟਰੈਫਿਕ ਪੂਰੀ ਤਰ੍ਹਾਂ ਜਾਮ ਰਿਹਾ ਤੇ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਸੜਕਾਂ ’ਤੇ ਹੀ ਮਨਾਇਆ। ਨਵੇਂ ਸਾਲ ਦੇ ਆਗਮਨ ਨੂੰ ਲੈ ਕੇ ਸ਼ਹਿਰ ’ਚ ਚੱਲ ਰਹੇ ਜਸ਼ਨ ਦੌਰਾਨ ਪੁਲੀਸ ਨੇ ਸਖ਼ਤੀ ਕਰੀ ਰੱਖੀ। ਸ਼ਹਿਰ ਦੀ ਸਰਾਭਾ ਨਗਰ ਮੇਨ ਮਾਰਕੀਟ ’ਚ ਪੁਲੀਸ ਨੇ ਮੰਗਲਵਾਰ ਦੀ ਸਵੇਰੇ ਹੀ ਬੈਰੀਕੇਟਿੰਗ ਕਰ ਦਿੱਤੀ ਸੀ। ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਾਰਕੀਟ ਦੇ ਆਸਪਾਸ ਰਹਿਣ ਵਾਲੇ ਲੋਕ ਪੁਲੀਸ ਦੇ ਨਾਲ ਉਲਝਦੇ ਦੇਖੇ ਗਏ, ਜੋ ਲੋਕ ਸਵੇਰੇ ਘਰੋਂ ਕੰਮ ’ਤੇ ਨਿਕਲ ਗਏ, ਉਨ੍ਹਾਂ ਨੂੰ ਰਾਤ ਸਮੇਂ ਘਰ ਤੱਕ ਪੁੱਜਣਾ ਵੀ ਮੁਸ਼ਕਿਲ ਹੋ ਗਿਆ।