ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਰੇਡੀਓ ਪ੍ਰਸਾਰਣ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਵਿਚ ਬਣੀਆਂ ਵਸਤਾਂ ਦੀ ਥਾਂ ਭਾਰਤ ਵਿਚ ਬਣੀਆਂ ਵਸਤਾਂ ਦੀ ਵਰਤੋਂ ਨੂੰ ਤਰਜੀਹ ਦੇਣ। ਮੋਦੀ ਨੇ ਕਿਹਾ ਕਿ ਨਵੇਂ ਸਾਲ ਵਿਚ ਅਜਿਹਾ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। ਸਾਲ ਦੇ ਆਖ਼ਰੀ ‘ਮਨ ਕੀ ਬਾਤ’ ਵਿਚ ਉਨ੍ਹਾਂ ਕਿਹਾ ਕਿ ਲੋਕਾਂ ਨੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ‘ਵੋਕਲ ਫਾਰ ਲੋਕਲ’ ਮੁਹਿੰਮ ਦਾ ਸਮਰਥਨ ਕੀਤਾ ਹੈ। ਇਸ ਦਾ ਮੰਤਵ ‘ਆਤਮਨਿਰਭਰ ਭਾਰਤ’ ਦੀ ਸਿਰਜਣਾ ਹੈ।
ਉਨ੍ਹਾਂ ਕਿਹਾ ਕਿ ਉਦਯੋਗਪਤੀ ਤੇ ਉਤਪਾਦਕ ਇਹ ਯਕੀਨੀ ਬਣਾਉਣ ਕਿ ਵਿਸ਼ਵ ਪੱਧਰੀ ਉਤਪਾਦ ਭਾਰਤ ਵਿਚ ਹੀ ਤਿਆਰ ਕੀਤੇ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਚੀਜ਼ਾਂ ਦੀ ਸੂਚੀ ਬਣਾਉਣ ਜੋ ਉਹ ਵਰਤਦੇ ਹਨ ਤੇ ਦੇਖਣ ਕਿਹੜੀ ਵਿਦੇਸ਼ ਵਿਚ ਬਣੀ ਹੋਈ ਹੈ। ਉਸ ਤੋਂ ਬਾਅਦ ਅਜਿਹੀਆਂ ਚੀਜ਼ਾਂ ਦਾ ਸਵਦੇਸ਼ੀ ਬਦਲ ਲੱਭਣ ਤੇ ਉਹ ਵਰਤਣ। ਮੋਦੀ ਨੇ ਕਿਹਾ ਕਿ ਹੌਲੀ-ਹੌਲੀ ਲੋਕਾਂ ਦੀ ਮਾਨਸਿਕਤਾ ਬਦਲ ਰਹੀ ਹੈ ਤੇ ਉਨ੍ਹਾਂ ਇਸ ਪਾਸੇ ਸੋਚਣਾ ਸ਼ੁਰੂ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੌਰਾਨ ਕਿਹਾ ਕਿ ਕਸ਼ਮੀਰੀ ਕੇਸਰ ਨੂੰ ਸਰਕਾਰ ‘ਆਲਮੀ ਬਰਾਂਡ’ ਬਣਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ, ਇਸ ਨੂੰ ਜੀਆਈ ਟੈਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਕਹਿਰੀ ਵਰਤੋਂ ਵਾਲੀ ਪਲਾਸਟਿਕ ਤਿਆਗਣ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਹਰਿਆਣਾ ਦੇ ਨੌਜਵਾਨ ਪ੍ਰਦੀਪ ਸਾਂਗਵਾਨ ਵੱਲੋਂ ਹਿਮਾਲਿਆ ਖਿੱਤੇ ’ਚੋਂ ਪਲਾਸਟਿਕ ਕੂੜਾ ਹਟਾਉਣ ਬਾਰੇ ਵਿੱਢੀ ਮੁਹਿੰਮ ਦਾ ਵੀ ਪ੍ਰਧਾਨ ਮੰਤਰੀ ਨੇ ਭਾਸ਼ਣ ਵਿਚ ਜ਼ਿਕਰ ਕੀਤਾ ਤੇ ਗੁੜਗਾਓਂ ਦੇ 35 ਸਾਲਾ ਨੌਜਵਾਨ ਦੀ ਸ਼ਲਾਘਾ ਕੀਤੀ।