(ਸਮਾਜ ਵੀਕਲੀ)
ਸ਼ਹਿਰ ਦੇ ਚੌਰਸਤੇ ਵਿੱਚ ਇੱਕ ਪਾਸੇ ਪਾਣੀ ਦੀ ਛਬੀਲ ਲਈ ਹੌਂਦ ਲਗਾਈ ਗਈ। ਸ਼ਹਿਰ ਦੀ ਅਮਨ ਕਮੇਟੀ ਨੇ ਵਿਗੜਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ ਲਿਆ ਕਿ ਛਬੀਲ ਤੇ ਕਿਸੇ ਵੀ ਧਰਮ ਦਾ ਚਿੰਨ੍ਹ ਜਾਂ ਨਾਰਾ ਨਹੀਂ ਲਿਖਿਆ ਜਾਵੇਗਾ। ਹੌਂਦ ਤੇ ਚਾਰ ਨਲ਼ਕੇ ਲਗਾ ਦਿੱਤੇ ਤੇ ਉਨ੍ਹਾਂ ਉੱਪਰ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਧਰਮਾ ਨਾਲ ਸਬੰਧਤ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ। ਅਮਨ ਕਮੇਟੀ ਨੇ ਸੰਪਰਦਾਇ ਸਦਭਾਵਨਾ ਲਈ ਇਸ ਦਾ ਨਾਂ ਸਰਬਸਾਂਝੀ ਛਬੀਲ ਰੱਖ ਦਿੱਤਾ।
ਲੋਕ ਆਉਂਦੇ ਤੇ ਪਾਣੀ ਪੀ ਕੇ ਚਲੇ ਜਾਂਦੇ। ਇੱਕ ਦਿਨ ਕੜਾਕੇ ਦੀ ਗਰਮੀ ਵਿੱਚ ਛਬੀਲ ਤੇ ਕਈ ਲੋਕ ਸਨ। ਇੱਕ ਨਲ਼ਕੇ ਤੇ ਚਾਰ ਆਦਮੀ ਕਤਾਰ ਵਿੱਚ ਖੜੇ ਸਨ ਅਤੇ ਬਾਕੀ ਤਿਨੋਂ ਨਲਕੇ ਖਾਲੀ ਸਨ। ਉਨ੍ਹਾਂ ਨੂੰ ਇੱਕੋ ਨਲ਼ਕੇ ਤੇ ਖੜਾ ਦੇਖ ਇੱਕ ਰਾਹਗੀਰ ਨੇ ਕਿਹਾ , ” ਆਪ ਧੁੱਪ ਵਿੱਚ ਲਾਈਨ ਲਗਾ ਕੇ ਕਿਉਂ ਸਨ ਰਹੇ ਹੋ ਜਦੋਂ ਕਿ ਬਾਕੀ ਤਿੰਨ ਨਲ਼ਕੇ ਖਾਲੀ ਹਨ। ਇਹ ਸੁਣਦਿਆਂ ਹੀ ਲਾਈਨ ਵਿੱਚ ਖੜੇ ਵਿਅਕਤੀਆਂ ਨੇ ਮੱਥੇ ਵਿੱਚ ਵੱਟ ਪਾਉਂਦੇ ਹੋਏ ਉਸਨੂੰ ਕਿਹਾ, ” ਸਾਡੇ ਧਰਮ ਦਾ ਤਾਂ ਇਹੋ ਹੀ ਨਲਕਾ ਹੈ, ਬਾਕੀ ਸਭ ਤਾਂ ਦੂਜੇ ਧਰਮਾਂ ਦੇ ਹਨ।” ਇਹੋ ਹਾਲ ਦੂਸਰੇ ਨਲਕਿਆਂ ਦਾ ਵੀ ਸੀ। ਸਾਰਿਆਂ ਨੇ ਆਪਣੇ ਧਰਮਾਂ ਦੇ ਨਲ਼ਕੇ ਵੰਡ ਲਏ।
ਜਦੋ ਕਿ ਸਾਰਿਆਂ ਵਿੱਚ ਪਾਣੀ ਤਾਂ ਇੱਕੋ ਹੌਦ ਵਿੱਚੋਂ ਜਾ ਰਿਹਾ ਸੀ। ਹੁਣ ਅਮਨ ਕਮੇਟੀ ਵਾਲਿਆਂ ਨੂੰ ਲੋਕਾਂ ਕਦੇ ਇਸ ਵਿਹਾਰ ਤੇ ਚਿੰਤਾ ਹੋਈ। ਪਰ ਇੱਕ ਦਿਨ ਇੱਕ ਬੱਚੇ ਨੂੰ ਇਹ ਰੰਗਦਾਰ ਤਸਵੀਰਾਂ ਬਹੁਤ ਚੰਗੀਆਂ ਲੱਗੀਆਂ। ਉਸਨੇ ਚੋਰੀ ਚੋਰੀ ਸਾਰੀਆਂ ਤਸਵੀਰਾਂ ਲਾਹ ਲਈਆਂ। ਹੁਣ ਨਵੀਂ ਸਵੇਰ ਨੂੰ ਛਬੀਲ ਤੇ ਕਿਸੇ ਵੀ ਧਾਰਮਿਕ ਗੁਰੂ ਦੀ ਤਸਵੀਰ ਨਹੀਂ ਸੀ। ਲੋਕ ਜਿਸ ਵੀ ਨਲ਼ਕੇ ਤੇ ਜਗ੍ਹਾਂ ਮਿਲਦੀ ਪਾਣੀ ਪੀ ਕੇ ਅਸ਼ੀਸ਼ ਦੇਂਦਿਆਂ ਚਲੇ ਜਾਂਦੇ।
ਪੇਸ਼ਕਸ਼: ਗੁਰਮਾਨ ਸੈਣੀ
ਰਾਬਤਾ : 8360487488