ਕੋਲਕਾਤਾ- ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਅਗਲੇ ਕੁੱਝ ਦਿਨਾਂ ਵਿੱਚ ਕ੍ਰਿਕਟ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਤਿੰਨ ਸਾਲ ਲਈ ਨਵੀਂ ਚੋਣ ਕਮੇਟੀ ਦੀ ਚੋਣ ਕਰੇਗੀ। ਗਾਂਗੁਲੀ ਨੇ ਕਿਹਾ ਕਿ ਛੇਤੀ ਇੱਕ ਮੀਟਿੰਗ ਕਰਕੇ ਸੀਏਸੀ ਬਣਾਈ ਜਾਵੇਗੀ ਜੋ ਚੋਣਕਾਰਾਂ ਬਾਰੇ ਫ਼ੈਸਲਾ ਲਵੇਗੀ ਕਿਉਂਕਿ ਪੁਰਸ਼ ਟੀਮ ਦੇ ਮੁੱਖ ਕੋਚ ਦੀ ਚੋਣ ਕਪਿਲ ਦੇਵ ਦੀ ਪ੍ਰਧਾਨਗੀ ਵਾਲੀ ਪੁਰਾਣੀ ਕਮੇਟੀ ਕਰ ਚੁੱਕੀ ਹੈ। ਗਾਂਗੁਲੀ ਨੇ ਇੱਥੇ ਇੱਕ ਪ੍ਰੋਗਰਾਮ ਤੋਂ ਵੱਖਰੇ ਤੌਰ ’ਤੇ ਕਿਹਾ, ‘‘ਅਗਲੇ ਕੁੱਝ ਦਿਨਾਂ ਵਿੱਚ ਸੀਏਸੀ ਬਣਾਈ ਜਾਵੇਗੀ। ਇਹ ਸਿਰਫ਼ ਇੱਕ ਮੀਟਿੰਗ ਕਰੇਗੀ ਕਿਉਂਕਿ ਮੁੱਖ ਕੋਚ ਦੀ ਨਿਯੁਕਤੀ ਪਹਿਲਾਂ ਹੀ ਹੋ ਚੁੱਕੀ ਹੈ।’’ ਮੌਜੂਦਾ ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਅਤੇ ਮੈਂਬਰ ਗਗਨ ਖੋੜਾ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਜਤਿਨ ਪਰਾਂਜਪੇ, ਸ਼ਰਨਦੀਪ ਸਿੰਘ ਅਤੇ ਦੇਵਾਂਗ ਗਾਂਧੀ ਦਾ ਹਾਲੇ ਇੱਕ ਸਾਲ ਦਾ ਕਾਰਜਕਾਲ ਬਾਕੀ ਹੈ। ਅਜਿਹੀ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਵੀ ਹਟਾਇਆ ਜਾਵੇਗਾ। ਸੀਏਸੀ ਦੀ ਨਿਯੁਕਤੀ ਹਿੱਤਾਂ ਦੇ ਟਕਰਾਅ ਦਾ ਇੱਕ ਵੱਡਾ ਮਸਲਾ ਰਹੀ ਹੈ।