ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਭੇਜ ਦਿੱਤਾ ਗਿਆ ਹੈ। ਇੱਕ ਦਿਨ ਪਹਿਲਾਂ ਹੀ ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਉਨ੍ਹਾਂ ਨੂੰ ਬਹੁ-ਚਰਚਿਤ ਪਨਾਮਾ ਪੇਪਰਜ਼ ਕਾਂਡ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੀ ਸ਼ਰੀਫ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਦੀ ਬੇਨਤੀ ਮੰਨਦਿਆਂ ਉਨ੍ਹਾਂ ਨੂੰ ਲਾਹੌਰ ਵਿਚ ਕੋਟ ਲਖਪਤ ਜੇਲ੍ਹ ਵਿਚ ਭੇਜ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਸ਼ਰੀਫ ਨੇ ਅਰਜ਼ੀ ਦੇ ਕੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਕੋਟ ਲਖਪਤ ਜੇਲ੍ਹ ਵਿਚ ਆਪਣੀ ਸਜ਼ਾ ਪੂਰੀ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਨਿੱਜੀ ਡਾਕਟਰ ਲਾਹੌਰ ਵਿਚ ਹੀ ਰਹਿੰਦੇ ਹਨ। ਇਸ ਦੌਰਾਨ ਆਪਣੇ ਆਗੂ ਦੀ ਇੱਕ ਝਲਕ ਵੇਖਣ ਲਈ ਪਾਕਿਸਤਾਨ ਮੁਸਲਿਮ ਲੀਗ ਨਵਾਜ ਦੇ ਸਮਰਥਕ ਵੱਡੀ ਗਿਣਤੀ ਵਿਚ ਜੇਲ੍ਹ ਦੇ ਬਾਹਰ ਇਕੱਠੇ ਹੋ ਗਏ। ਸਖ਼ਤ ਸੁਰੱਖਿਆ ਕਾਰਨ ਉਨ੍ਹਾਂ ਨੂੰ ਜੇਲ੍ਹ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਪੁਲੀਸ ਨੇ ਜੇਲ੍ਹ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਮਰਥਕਾਂ ਉੱਤੇ ਲਾਠੀਚਾਰਜ ਵੀ ਕੀਤਾ। ਜੇਲ੍ਹ ਪ੍ਰਸ਼ਾਸਨ ਮੁਤਾਬਕ ਸ਼ਰੀਫ ਨੂੰ ਉੱਚ ਦਰਜੇ ਵਾਲੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉੱਚ ਦਰਜੇ ਦੇ ਕੈਦੀਆਂ ਨੂੰ ਬਿਸਤਰਾ, ਪੜ੍ਹਨ ਲਈ ਮੇਜ਼, ਦੋ ਕੁਰਸੀਆਂ, ਇੱਕ ਟੀਵੀ ਅਤੇ ਅਖਬਾਰ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ ਸ਼ਰੀਫ ਨੂੰ ਉਸ ਬੈਰਕ ਵਿਚ ਭੇਜਿਆ ਗਿਆ ਹੈ ਜਿੱਥੇ 1990 ਦੇ ਦਹਾਕੇ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਜ਼ਾਯਾਫਤਾ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਰੱਖਿਆ ਗਿਆ ਸੀ।