ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਇਕ ਸਾਲ ਦੇ ਵਕਫ਼ੇ ਤੋਂ ਬਾਅਦ ਸਰਗਰਮ ਸਿਆਸਤ ਵਿਚ ਵਾਪਸੀ ਕਰ ਸਕਦੇ ਹਨ। ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਨਵਾਜ਼ ਨੂੰ ਮੁੱਖ ਵਿਰੋਧੀ ਧਿਰ ਦੀ ਅਗਵਾਈ ਵਾਲੀ ਵੱਖ-ਵੱਖ ਪਾਰਟੀਆਂ ਦੀ ਕਾਨਫ਼ਰੰਸ ਲਈ ਸੱਦਾ ਭੇਜਿਆ ਹੈ।
ਇਸ ਦਾ ਮੰਤਵ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਰੋਸ ਮੁਹਿੰਮ ਵਿੱਢਣਾ ਹੈ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਸੁਪਰੀਮੋ ਸ਼ਰੀਫ਼ (70) ਨੂੰ ਦੋ ਕੇਸਾਂ ਵਿਚ ਸਜ਼ਾ ਹੋਈ ਸੀ ਤੇ ਉਹ ਪਿਛਲੇ ਸਾਲ ਨਵੰਬਰ ਤੋਂ ਇਲਾਜ ਲਈ ਲੰਡਨ ਵਿਚ ਹਨ।
ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਇਲਾਜ ਲਈ ਬਰਤਾਨੀਆ ਜਾਣ ਦੀ ਇਜਾਜ਼ਤ ਦਿੱਤੀ ਸੀ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਜ਼ਰਦਾਰੀ ਨੇ ਸ਼ਰੀਫ਼ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ ਤੇ ਭਲਕੇ ਆਨਲਾਈਨ ਹੋਣ ਵਾਲੀ ਵਿਰੋਧੀ ਧਿਰਾਂ ਦੀ ਸਰਬ ਪਾਰਟੀ ਕਾਨਫ਼ਰੰਸ ਲਈ ਸੱਦਾ ਦਿੱਤਾ ਹੈ ਇਸ ਕਾਨਫ਼ਰੰਸ ਵਿਚ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ- ਏ-ਇਨਸਾਫ਼ (ਪੀਟੀਆਈ) ਨੂੰ ਘੇਰਨ ਦੀ ਰਣਨੀਤੀ ਘੜੀ ਜਾਵੇਗੀ।
ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੀਟੀਆਈ ਕੀਮਤਾਂ ਵਿਚ ਵਾਧੇ ਤੇ ਗਰੀਬੀ ਨੂੰ ਨੱਥ ਪਾਉਣ ਵਿਚ ਨਾਕਾਮ ਸਾਬਿਤ ਹੋਈ ਹੈ।