ਵਿਦੇਸ਼ ਮੰਤਰਾਲੇ ਨੇ ਗੁਆਂਢੀ ਮੁਲਕ ਨੂੰ ਦਹਿਸ਼ਤਗਰਦੀ ਖ਼ਿਲਾਫ਼ ਬਿਆਨਾਂ ਦੀ ਥਾਂ ਠੋਸ ਕਾਰਵਾਈ ਲਈ ਆਖਿਆ
ਭਾਰਤ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ਬਾਰੇ ਹੁਣ ਕੋਈ ਵੀ ਧਾਰਨਾ ਉਸਦੇ ਸ਼ਬਦਾਂ ’ਤੇ ਨਹੀਂ ਸਗੋਂ ਉਸਦੀ ਸਰਜ਼ਮੀਂ ’ਤੇ ਸਰਗਰਮ ਦਹਿਸ਼ਤਗਰਦਾਂ ਨੂੰ ਉਖਾੜਨ ਲਈ ਕੀਤੀਆਂ ਕੋਸ਼ਿਸ਼ਾਂ ਦੇ ਆਧਾਰ ’ਤੇ ਬਣਾਈ ਜਾਵੇਗੀ। ਭਾਰਤ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਦੇ ਕੈਂਪ ’ਤੇ ਕੀਤੀ ਗਈ ਗੈਰ-ਫੌਜੀ ਕਾਰਵਾਈ ਤੋਂ ਉਸ ਨੂੰ ਆਸ ਮੁਤਾਬਿਕ ਸਿੱਟੇ ਮਿਲੇ ਹਨ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਣੇ ਆਪ ਨੂੰ ‘ਨਵੀਂ ਸੋਚ ਵਾਲਾ ਨਵਾਂ ਪਾਕਿਸਤਾਨ’ ਹੋਣ ਦਾ ਦਾਅਵਾ ਕਰਦਾ ਹੈ, ਤਾਂ ਉਹ ਆਪਣੀ ਸਰਜ਼ਮੀਂ ਤੋਂ ਚੱਲ ਰਹੇ ਦਹਿਸ਼ਤੀ ਸੰਗਠਨਾਂ ਖ਼ਿਲਾਫ਼ ‘ਨਵੀਆਂ’ ਕਾਰਵਾਈਆਂ ਕਰਕੇ ਦਿਖਾਵੇ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬੀਤੇ ਦਿਨ ਕਿਹਾ ਸੀ ਕਿ ਉਨ੍ਹਾਂ ਦੀ ਅਗਵਾਈ ਵਿੱਚ ‘ਨਵਾਂ ਪਾਕਿਸਤਾਨ’ ਨਵੇਂ ਸਫ਼ਰ ’ਤੇ ਨਿਕਲਿਆ ਹੈ। ਕੁਮਾਰ ਨੇ ਕਿਹਾ ਕਿ ਵੱਖ-ਵੱਖ ਦਹਿਸ਼ਤੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਵਲੋਂ ਇਕੋ ਜਿਹੇ ਬਿਆਨ ਹੀ ਦਿੱਤੇ ਜਾਂਦੇ ਹਨ ਪਰ ਹੁਣ ਕੌਮਾਂਤਰੀ ਭਾਈਚਾਰੇ ਵਲੋਂ ਕੀਤੀ ਜਾ ਰਹੀ ਉਮੀਦ ਅਨੁਸਾਰ ਇਸਲਾਮਾਬਾਦ ਨੂੰ ਉਸਦੀ ਧਰਤੀ ’ਤੇ ਪਨਪ ਰਹੇ ਦਹਿਸ਼ਤੀ ਸੰਗਠਨਾਂ ਖ਼ਿਲਾਫ਼ ਠੋਸ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਵਿੱਚ ਦਹਿਸ਼ਤੀ ਕੈਂਪ ਹੋਣ ਬਾਰੇ ਸਭ ਨੂੰ ਪਤਾ ਹੈ ਪਰ ਭਾਰਤ ਅਤੇ ਕੌਮਾਂਤਰੀ ਭਾਈਚਾਰੇ ਵਲੋਂ ਵਾਰ-ਵਾਰ ਅਜਿਹੇ ਸੰਗਠਨਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀਆਂ ਬੇਨਤੀਆਂ ਤੋਂ ਗੁਆਂਢੀ ਮੁਲਕ ਨੇ ਹਮੇਸ਼ਾ ‘ਇਨਕਾਰ’ ਕੀਤਾ ਹੈ। ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਦੇ ਕੈਂਪ ’ਤੇ ਕੀਤੀ ਗਈ ਗੈਰ-ਫੌਜੀ ਕਾਰਵਾਈ ਤੋਂ ਉਸ ਨੂੰ ਆਸ ਮੁਤਾਬਿਕ ਸਿੱਟੇ ਮਿਲੇ ਹਨ ਅਤੇ ਇਸ ਨਾਲ ਦੇਸ਼ ਵਲੋਂ ਸਰਹੱਦ ਪਾਰ ਦੇ ਅਤਿਵਾਦ ਖ਼ਿਲਾਫ਼ ਫੈਸਲਾਕੁਨ ਕਾਰਵਾਈ ਕਰਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਹੋਇਆ ਹੈ। ਬੁਲਾਰੇ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਮਿੱਗ-21, ਜਿਸ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਸਨ, ਨੇ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਡੇਗਿਆ ਅਤੇ ਇਸ ਘਟਨਾ ਦੇ ਚਸ਼ਮਦੀਦ ਗਵਾਹਾਂ ਦੇ ਨਾਲ-ਨਾਲ ਇਲੈਕਟ੍ਰਾਨਿਕ ਸਬੂਤ ਵੀ ਮੌਜੂਦ ਹਨ। ਉਨ੍ਹਾਂ ਕਿਹਾ, ‘‘ਅਸੀਂ ਇਸ ਸਬੰਧੀ ‘ਅਮਰਾਮ’ ਮਿਜ਼ਾਈਲ ਦੇ ਟੁਕੜੇ ਦਿਖਾ ਕੇ ਵੀ ਸਬੂਤ ਦਿੱਤੇ ਸਨ, ਜੋ ਕਿ ਘਟਨਾ ਸਥਾਨ ਤੋਂ ਮਿਲੇ ਸਨ। ਇਹ ਮਿਜ਼ਾਈਲ ਪਾਕਿਸਤਾਨ ਹਵਾਈ ਸੈਨਾ ਦੇ ਕੇਵਲ ਐੱਫ-16 ਵੱਲੋਂ ਵਰਤੀ ਜਾ ਸਕਦੀ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਅਤਿਵਾਦ ਵਿਰੋਧੀ ਗੈਰ-ਫੌਜੀ ਹਮਲੇ ਨੇ ਆਪਣੇ ਨਿਰਧਾਰਿਤ ਟੀਚੇ ਦੀ ਪੂਰਤੀ ਕੀਤੀ ਹੈ। ਇਸ ਨਾਲ ਮੁਲਕ ਦੀ ਸਰਹੱਦ ਪਾਰ ਦੇ ਅਤਿਵਾਦ ਵਿਰੁਧ ਫੈਸਲਾਕੁਨ ਕਾਰਵਾਈ ਕਰਨ ਦੀ ਵਚਨਬੱਧਤਾ ਦਾ ਵੀ ਪ੍ਰਗਟਾਵਾ ਹੋਇਆ ਹੈ।’’ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਲੋਂ ਭਾਰਤੀ ਫੌਜੀ ਟਿਕਾਣਿਆਂ ਵੱਲ ਨਿਸ਼ਾਨਾ ਸੇਧ ਕੇ ਕੀਤੀਆਂ ਅਸਫ਼ਲ ਕੋਸ਼ਿਸ਼ਾਂ ਵਿੱਚ ਭਾਰਤ ਨੇ ਕੇਵਲ ਇੱਕ ਜਹਾਜ਼ ਗੁਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ, ਉਸ ਕੋਲ ਭਾਰਤ ਦਾ ਦੂਜਾ ਜਹਾਜ਼ ਸੁੱਟੇ ਜਾਣ ਦਾ ਸਬੂਤ ਹੈ ਤਾਂ ਉਹ ਗੁਆਂਢੀ ਮੁਲਕ ਵਲੋਂ ਸਾਂਝਾ ਕਿਉਂ ਨਹੀਂ ਕੀਤਾ ਜਾ ਰਿਹਾ। ਕੁਮਾਰ ਨੇ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲੇ ਤੋਂ ਬਾਅਦ ਪੂਰੀ ਦੁਨੀਆਂ ਦੇ ਲੋਕ ਭਾਰਤ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਜੈਸ਼-ਏ-ਮੁਹੰਮਦ ਵਲੋਂ ਪੁਲਵਾਮਾ ਹਮਲੇ, ਜਿਸ ਵਿੱਚ ਸੀਆਰਪੀਐੱਫ ਦੇ 40 ਜਵਾਨ ਮਾਰੇ ਗਏ ਸਨ, ਦੀ ਜ਼ਿੰਮੇਵਾਰੀ ਲਏ ਜਾਣ ਦੇ ਬਾਵਜੂਦ ਪਾਕਿਸਤਾਨ ਉਸ ਤੋਂ ਇਨਕਾਰ ਕਰ ਰਿਹਾ ਹੈ। ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਤੋਂ ਚੱਲਦੀਆਂ ਦਹਿਸ਼ਤੀ ਜਥੇਬੰਦੀਆਂ ਬਿਨਾਂ ਕਿਸੇ ਅੜਚਣ ਤੋਂ ਆਪਣੀਆਂ ਕਾਰਵਾਈਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਧਰਤੀ ਤੋਂ ਚੱਲਦੇ ਦਹਿਸ਼ਤੀ ਸੰਗਠਨਾਂ ਵਿਰੁਧ ਠੋਸ ਕਾਰਵਾਈ ਕਰਕੇ ਦਿਖਾਉਣੀ ਚਾਹੀਦੀ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਅਤੇ ਇਸ ਸੰਗਠਨ ਦੇ ਟਰੇਨਿੰਗ ਕੈਂਪ ਪਾਕਿਸਤਾਨ ਵਿੱਚ ਹੋਣ ਬਾਰੇ ਜਾਣਕਾਰੀ ਸੀ। ਉਨ੍ਹਾਂ ਸਲਾਮਤੀ ਕੌਂਸਲ ਤੋਂ ਮੰਗ ਕੀਤੀ ਕਿ ਮਸੂਦ ਨੂੰ ਆਲਮੀ ਦਹਿਸ਼ਤਗਰਦ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਸਲਾਮਤੀ ਕੌਂਸਲ ਦੇ ਸਾਰੇ 15 ਮੈਂਬਰਾਂ ਨੇ ਸਰਬਸੰਮਤੀ ਨਾਲ ਪੁਲਵਾਮਾ ਹਮਲੇ ਦੀ ਕਰੜੀ ਨਿੰਦਾ ਕੀਤੀ ਸੀ। ਇਸ ਕਰਕੇ ਮਸੂਦ ਅਜ਼ਹਰ ਨੂੰ 1267 ਯੂਐੱਨ ਸੈਂਕਸ਼ਨਜ਼ ਕਮੇਟੀ ਤਹਿਤ ਦਹਿਸ਼ਤਗਰਦ ਕਰਾਰ ਦਿੱਤਾ ਜਾਵੇ।