(ਸਮਾਜ ਵੀਕਲੀ)
ਦਹਾਕਿਆਂ ਬਾਅਦ
ਪੰਜਾਬ ਮੈਂ ਆਇਆ
ਦੇਖੀ ਉੱਠਦੀ ਮਹਿਕ ਰਸੋਈਉਂ
ਨੇਪਾਲੀ ਨੇ ਲੰਗਰ ਲਾਇਆ।
ਸਜੀਆਂ ਵਿਹੜੇ ਜੈਪੁਰ-ਟਾਈਲਾਂ
ਖੇਤਾਂ ਵਿੱਚ ਬਿਹਾਰ ਵਸੇ
ਭਿੰਨੀ- ਭਿੰਨੀ ਮਹਿਕ ਘੁਲੇ
ਯੂ. ਪੀ.-ਵਾਲ਼ੇ ਦੀ ਰਸ ਕੜ੍ਹੇ।
ਇਕ ਪੰਜਾਬੀ ਵਿਹੜੇ ਖੜ੍ਹ ਕੇ
ਆਪਣੀ ਤੋਂਦ ਵਜਾਵੇ
ਤਰਜ ਉਹਦੀ ’ਤੇ ਪੋਤੇ-ਦੋਹਤੇ
ਬੇਸਮਝ ਜਿਹਾ ਗਾਉਂਦੇ।
ਅੰਗਰੇਜੀ ਹਿੰਦੀ ਪੰਜਾਬੀ ਦੀ
ਖਿਚੜੀ ਜਿਹੀ ਪਕਾਉਂਦੇ
ਡਿਸਕੋ-ਡਾਂਸ ਦੀ ਧੁੰਨ ਉੱਤੇ
ਪੁੱਠੇ-ਸਿੱਧੇ ਪੈਰ ਹਿਲਾਉਂਦੇ।
ਉਡਦਾ ਦੇਖ ਜਹਾਜ਼ ਨੂੰ
ਜੱਟ ਨੂੰ ਮੁੰਡੇ ਯਾਦ ਨੇ ਆਉਂਦੇ
ਹੰਝੂ ਛਲਕਣ, ਸਮਝ ਨਾ ਆਵੇ
ਜੇਬ ਦੇ ਡਾਲਰ ਭਿੱਜਦੇ।
ਕੋਲੋਂ ਇਕ ਪਰਵਾਸਣ ਗੁਜਰੇ
ਛਣ-ਛਣ, ਛਣ-ਛਣ ਛਣਕੇ
ਸੂਟ ਪੰਜਾਬੀ ਦੇ ਵਿਚ ਫੱਬੇ
ਬੋਲਾਂ ਵਿਚ ਪੰਜਾਬ ਵੀ ਝਲਕੇ।
ਬੱਚੇ ਦੀ ਫੜ ਉਂਗਲ ਓਹੋ
ਵੱਲ ਸਕੂਲ ਪੰਜਾਬੀ ਜਾਵੇ
“ਬੋਲ ਕੰਧੇ ਸਰਹੰਦ ਦੀਏ ….”
ਬੱਚਾ ਜਾਂਦਾ-ਜਾਂਦਾ ਗਾਵੇ।
ਉੱਤਰ, ਪੂਰਬ, ਦੱਖਣ ਦੇਸੋਂ
ਕਿੱਧਰੋਂ-ਕਿੱਧਰੋਂ ਆਏ
ਰੰਗ-ਬਰੰਗੇ ਰੰਗਾਂ ਵਾਲ਼ੇ
ਨਵਾਂ ਕੋਈ ਪੰਜਾਬ ਲਿਆਏ।
ਕਹਿੰਦੇ ਸੀ ਜਿਸ ਰਾਮੂੰ ਭਈਆ
ਰਾਮ ਸਿੰਘ ਸਰਦਾਰ ਉਹ ਸਜਿਆ
ਪਿੰਡ ਦੀ ਸਰਪੰਚੀ ਲੈ ਗਿਆ
ਹੋਰ ਇਕ ਸ਼ਹਿਰ ’ਚ ਐਮ.ਸੀ. ਖੜ੍ਹਿਆ।
ਧਿਆਉਂਣ ਫ਼ਰੀਦ ਬੁੱਲ੍ਹੇ ਨੂੰ ਜੋ
ਅਪਣੇ ਗੁਰੂ ਵੀ ਨਾਲ਼ ਲਿਆਏ
ਕੋਈ ਬਾਬੇ ਦੇ ਰੰਗ ਰੰਗਿਆ
ਨਵਾਂ ਦੇਸ਼ ਕੋਈ ਵੱਸਣ ਲੱਗਿਆ।
ਜੋਗੇ ਭੰਗਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly