(ਸਮਾਜ ਵੀਕਲੀ)
ਅਸੀਂ ਨਵੇਂ ਜ਼ਮਾਨੇ ਦੇ ਲੋਕ ਹਾਂ।ਅਸੀਂ ਤਾਂ ਬਹੁਤ ਅੱਗੇ ਲੰਘ ਆਏ ਹਾਂ।ਸਾਡੇ ਨਾਲ ਹੁਣ ਕੌਣ ਰਲ ਸਕਦਾ ! ਅਸੀਂ ਤਾਂ ਦੌੜਦੇ ਹੀ ਬਹੁਤ ਹਾਂ ਅਤੇ ਸਾਡੀ ਸਪੀਡ ਵੀ ਰੇਲ ਗੱਡੀ ਤੋਂ ਜਿਆਦਾ ਹੈ। ਅਸੀਂ ਕਿਸੇ ਦੀ ਪਕੜ ‘ ਚ ਨਹੀਂ ਆਉਂਦੇ ਕਿਉਂ ਕਿ ਅਸੀਂ ਹਾਂ ਨਵੇਂ ਜ਼ਮਾਨੇ ਦੇ ਲੋਕ। ਸਾਨੂੰ ਫੜ ਕੇ ਤਾਂ ਕੋਈ ਦਿਖਾਵੇ ਅਸੀਂ ਮਿੰਟਾਂ ਵਿੱਚ ਅਗਲੇ ਤੋਂ ਫਾਇਦਾ ਲੈ ਕੇ ਜਾਂ ਅਗਲੇ ਨੂੰ ਬੁੱਧੂ ਬਣਾ ਕੇ ਬਹੁਤ ਦੂਰ ਨਿਕਲ ਜਾਂਦੇ ਹਾਂ। ਇਹ ਹੈ ਹਾਲ ਅੱਜ ਸਾਡਾ ਅਤੇ ਸਾਡੇ ਦੇਸ਼ ਦਾ।
ਐਸੀ ਹੈ ਸਾਡੀ ਨਵੇਂ ਜ਼ਮਾਨੇ ਦੀ ਗੱਲਬਾਤ ਕਿ ਅਸੀਂ ਨਹੀਂ ਜਾਣਦੇ ਰਿਸ਼ਤਿਆਂ ਨੂੰ ਕੀ ਹੁੰਦੇ ਨੇ ਰਿਸ਼ਤੇ। ਏਥੋਂ ਤੱਕ ਅਸੀਂ ਏਨੇ ਅੱਗੇ ਨਵੇਂ ਜ਼ਮਾਨੇ ਵਿੱਚ ਪਹੁੰਚ ਗਏ ਹਾਂ ਕਿ ਸਾਨੂੰ ਤਾਂ ਆਪਣੇ ਮਾਂ ਪਿਓ ਦੀ ਵੀ ਕਦਰ ਨਹੀਂ। ਕਈਆਂ ਨੂੰ ਤਾਂ ਏਨੀ ਤਕਲੀਫ ਹੈ ਕਿ ਇਹ ਕਿਤੇ ਵੀ ਆਪਣੇ ਮਾਂ ਪਿਓ ਦਾ ਨਾਮ ਵੀ ਸ਼ੋ ਨਹੀਂ ਕਰਦੇ, ਜਿੰਨਾ ਦੀ ਬਦੌਲਤ ਓਹ ਨਵੇਂ ਜਮਾਨੇ ਵਿੱਚ ਅਤੇ ਇੱਕ ਹਾਈ ਸੋਸਾਇਟੀ ਵਿੱਚ ਪਹੁੰਚ ਗਏ ਹਨ। ਓਹਨਾਂ ਵਿਚਾਰਿਆਂ ਨੂੰ ਏਨੀ ਸਮਝ ਨਹੀਂ ਕਿ ਅਸੀਂ ਅੱਜ ਜਿੱਥੇ ਪਹੁੰਚੇ ਹਾਂ ਇਹ ਸਿਰਫ ਸਾਡੀ ਥੋੜ੍ਹੀ ਜਿਹੀ ਨਾਂ ਮਾਤਰ ਮਿਹਨਤ ਨਹੀਂ, ਇਹ ਮਿਹਨਤ ਹੈ ਸਾਡੇ ਪੁਰਖਿਆਂ ਦੀ ਜਿੰਨਾਂ ਦੀ ਦਹਾਕਿਆਂ ਦੀ ਮਿਹਨਤ ਦਾ ਨਤੀਜਾ ਕਿ ਅਸੀਂ ਏਥੇ ਪਹੁੰਚੇ ਹਾਂ। ਅਸੀਂ ਓਹਨਾਂ ਵਿਚਾਰਿਆਂ ਨੂੰ ਤਾਂ ਕੀ ਯਾਦ ਕਰਨਾ ,ਸਾਨੂੰ ਤਾਂ ਜਿਉਂਦੇ ਜਾਗਦੇ ਮਾਪੇ ਵੀ ਨਜ਼ਰ ਨਹੀਂ ਆਉਂਦੇ।
ਇਸ ਤੋਂ ਜਿਆਦਾ ਬੁਰਾ ਹਾਲ ਅਜੇ ਹੋਰ ਵੀ ਹੋ ਸਕਦਾ । ਸਾਡੇ ਸਾਹਮਣੇ ਧੜਾਧੜ ਬਿਰਧ ਆਸ਼ਰਮ ਖੁੱਲ੍ਹ ਰਹੇ ਹਨ। ਇਹ ਲੋੜਵੰਦਾਂ ਲਈ ਤਾਂ ਠੀਕ ਹਨ ਪਰ ਜਿੰਨਾ ਦੇ ਬੱਚੇ ਅਜੇ ਜਿਉਂਦੇ ਬੈਠੇ ਹਨ ਸਿੱਧੀ ਮੂੰਹ ਤੇ ਚਪੇੜ ਹੈ। ਨਾਂ ਤਾਂ ਸਾਨੂੰ ਐਡਵਾਂਸ ਲੋਕਾਂ ਨੂੰ ਕੋਈ ਰਿਸ਼ਤਿਆਂ ਦੀ ਲੋੜ ਹੈ ਨਾ ਕੋਈ ਇੱਜਤ ਕਰਨ ਦੀ ਜਰੂਰਤ ਹੈ, ਏਥੋਂ ਤੱਕ ਅੱਜ ਦੇ ਅਗਾਹਵਧੂ ਸੋਚ ਵਾਲੇ ਤਾਂ ਕਈ ਵਾਰ ਘਰ ਗਏ ਨੂੰ ਵੀ ਨਹੀਂ ਬੁਲਾਉਂਦੇ। ਕਈ ਵਾਰ ਤਾਂ ਏਦਾਂ ਲੱਗਦਾ ਕਿ ਇਸ ਮਾਮਲੇ ਵਿੱਚ ਕੈਨੇਡਾ ਅਮਰੀਕਾ ਵੀ ਸਾਥੋਂ ਪਿੱਛੇ ਹਨ। ਜਿੰਨੀ ਖੁੱਲ੍ਹ ਅੱਜ ਇਥੇ ਦੇ ਲੋਕ ਮਾਣ ਰਹੇ ਹਨ ਏਨੇ ਤਾਂ ਓਹ ਬਾਹਰਲੇ ਵੀ ਨਹੀਂ ਖੁੱਲ੍ਹੇ ਹੋਣੇ ।
ਓਹ ਵੀ ਪੂਰੀ ਮਿਹਨਤ ਤੋਂ ਬਾਅਦ ਅਨੰਦ ਮਾਣਦੇ ਹਨ। ਪਰ ਏਥੇ ਤਾਂ ਅਸੀਂ ਅੱਗੇ ਹੀ ਏਨੇ ਵੱਧ ਗਏ ਕਿ ਧਰਤੀ ਤੇ ਖੜੇ ਹੀ ਅਸਮਾਨ ਨੂੰ ਟਾਕੀਆਂ ਲਗਾ ਦਿੰਦੇ ਹਾਂ।ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਇਹ ਵੱਡੇ ਸਟੈਂਡਰਡ ਵਾਲੇ ਲੋਕ ਇੱਕ ਪੜ੍ਹੇ ਲਿਖੇ ਨੂੰ ਐਵੇਂ ਸਮਝਾਉਂਦੇ ਹਨ ਕਿ ਸਾਹਮਣੇ ਵਾਲਾ ਬੇਵਕੂਫ ਹੈ। ਅਗਲੇ ਇਹਨਾਂ ਦੀ ਉਮਰ ਜਿੰਨਾ ਤਜ਼ੁਰਬਾ ਚੁੱਕੀ ਫਿਰਦਾ ਇਹ ਵਿਚਾਰੇ ਆਪਣੀ ਡਫਲੀ ਐਡਵਾਂਸ ਹੋਣ ਦੀ ਵਜਾ ਰਹੇ ਹਨ। ਸੋਚ ਐਡਵਾਂਸ ਹੋਣ ਦਾ ਇਹ ਮਤਲਬ ਨਹੀਂ ਕਿ ਦੂਜੇ ਤੁਹਾਡੇ ਤੋਂ ਪਿੱਛੇ ਹਨ ਅਤੇ ਤੁਸੀਂ ਜਿੰਨਾ ਦੀ ਬਦੌਲਤ ਅੱਜ ਖੜੇ ਹੋ ਜਾਂ ਇਸ ਧਰਤੀ ਤੇ ਘੁੰਮ ਰਹੇ ਹੋ ਓਹਨਾਂ ਨੂੰ ਹੀ ਬੇਵਕੂਫ ਬਣਾਈ ਜਾਵੋ।
ਆਉਣ ਵਾਲਾ ਸਮਾਂ ਇਹਨਾਂ ਐਡਵਾਂਸ ਕਹਾਉਣ ਵਾਲੇ ਲੋਕਾਂ ਲਈ ਤਾਂ ਘਾਤਕ ਹੋਵੇਗਾ ਹੀ ਪਰ ਇਸ ਦਾ ਖਮਿਆਜ਼ਾ ਸਹੀ ਲੋਕਾਂ ਨੂੰ ਸਹੀ ਜਿੰਦਗੀ ਜਿਊਣ ਵਾਲੇ ਲੋਕਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਲੋੜ ਹੈ ਸਮਾਂ ਰਹਿੰਦੇ ਅਸੀਂ ਸਮਝ ਜਾਈਏ ਕਿ ਅਸਲੀ ਐਡਵਾਂਸ ਕਿਸ ਨੂੰ ਕਹਿੰਦੇ ਹਨ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly