ਨਵਜੋਤ ਸਿੰਘ ਸਿੱਧੂ ਛੇ ਮਹੀਨੇ ਤੋਂ ਚੁੱਪ, ਕੈਪਟਨ ਸਾਹਮਣੇ ਨਹੀਂ ਚੱਲ ਰਹੀ ਹਾਈਕਮਾਨ ਦੀ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕੈਬਨਿਟ ਤੋਂ ਅਸਤੀਫ਼ੇ ਦਿੱਤਿਆਂ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਚੁੱਪ ਧਾਰੀ ਹੋਈ ਹੈ। ਸਿੱਧੂ ਦੀ ਚੁੱਪੀ ਨਾਲ ਬੇਸ਼ੱਕ ਪੰਜਾਬ ਕਾਂਗਰਸ ਨੂੰ ਕੋਈ ਅਸਰ ਨਹੀਂ ਹੋ ਰਿਹਾ ਪਰ ਪਾਰਟੀ ਹਾਈਕਮਾਨ ਬੇਚੈਨ ਹੈ। ਕਾਂਗਰਸ ਹਾਈਕਮਾਨ ਚਾਹੁੰਦੀ ਹੈ ਕਿ ਸਿੱਧੂ ਮੁੜ ਸਰਗਰਮ ਸਿਆਸਤ ‘ਚ ਹਿੱਸਾ ਲੈਣ, ਪਰ ਹਾਈਕਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੀ ਟੱਕਰ ਵੀ ਨਹੀਂ ਲੈਣੀ ਚਾਹੁੰਦੇ। ਸੂਤਰ ਦੱਸਦੇ ਹਨ ਕਿ ਸੋਨੀਆ ਗਾਂਧੀ ਵਿਚਕਾਰਲਾ ਰਾਹ ਕੱਢਣ ‘ਚ ਜੁਟੀ ਹੋਈ ਹੈ।
ਕਾਂਗਰਸ ਦੀ ਸਿਆਸਤ ‘ਚ ਇਹ ਗੱਲ ਤੇਜ਼ੀ ਨਾਲ ਉੱਭਰ ਰਹੀ ਹੈ ਕਿ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਇਆ ਹੈ। ਹਾਲਾਂਕਿ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਕਾਰਨ ਕੈਪਟਨ ਹੁਣ ਤਕ ਦਿੱਲੀ ਨਹੀਂ ਗਏ ਹਨ। ਪਾਰਟੀ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ਸੋਨੀਆ ਕੈਪਟਨ ਨਾਲ ਸਿੱਧੂ ਬਾਰੇ ਚਰਚਾ ਕਰਨੀ ਚਾਹੁੰਦੀ ਹਨ ਤਾਂ ਜੋ ਕੈਪਟਨ ਤੇ ਸਿੱਧੂ ਦੇ ਰਿਸਤੇ ‘ਚ ਆਈ ਤ੍ਰੇੜ ਭਰੀ ਜਾ ਸਕੇ।
ਅਹਿਮ ਗੱਲ ਇਹ ਹੈ ਕਿ ਕਾਂਗਰਸ ਸਿੱਧੇ ਰੂਪ ‘ਚ ਸਿੱਧੂ ਬਾਰੇ ਕੋਈ ਵੀ ਹਦਾਇਤ ਦੇਣ ਦੀ ਵੀ ਹਿੰਮਤ ਨਹੀਂ ਕਰ ਪਾ ਰਹੀ ਕਿਉਂਕਿ ਜਸ ਤਰ੍ਹਾਂ ਨਾਲ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਟਿੱਪਣੀਆਂ ਕੀਤੀਆਂ, ਉਸ ਨੂੰ ਦੇਖਦੇ ਹੋਏ ਵੀ ਕਾਂਗਰਸ ਸਿੱਧੇ ਰੂਪ ‘ਚ ਹਮਲੇ ‘ਚ ਦਖ਼ਲ ਨਹੀਂ ਦੇਣਾ ਚਾਹੁੰਦੀ।
ਕੈਪਟਨ ਦੀ ਨਾਰਾਜ਼ਗੀ ਦੀ ਵਜ੍ਹਾ
ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਮੇਂ-ਸਮੇਂ ‘ਤੇ ਵਿਅੰਗ ਕੱਸੇ। ਹੈਦਰਾਬਾਦ ‘ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਕਿਹਾ ਸੀ ਕਿ ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਕੈਪਟਨ ਅਮਰਿੰਦਰ ਸਿੰਘ ਤਾਂ ਪੰਜਾਬ ਦੇ ਕੈਪਟਨ ਹਨ। ਇਹੀ ਨਹੀਂ, ਜਦੋਂ ਪੁਲਵਾਮਾ ‘ਚ ਅੱਤਵਾਦੀਆਂ ਨੇ ਸੁਰੱਖਿਆ ਮੁਲਾਜ਼ਮਾਂ ‘ਤੇ ਹਮਲਾ ਕੀਤਾ ਉਦੋਂ ਵੀ ਕੈਪਟਨ ਤੇ ਸਿੱਧੂ ਦੇ ਵਿਚਾਰਕ ਮਤਭੇਦ ਉੱਭਰ ਕੇ ਸਾਹਮਣੇ ਆਏ। ਕੈਪਟਨ ਨੇ ਵਿਧਾਨ ਸਬਾ ‘ਚ ਪਾਕਿਸਤਾਨ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦਾ ਬਿਆਨ ਦਿੱਤਾ ਤਾਂ ਸਦਨ ਦੇ ਬਾਹਰ ਸਿੱਧੂ ਨੇ ਕਿਹਾ ਕਿ ਕੁਝ ਲੋਕਾਂ ਦੀ ਗ਼ਲਤੀ ਲਈ ਪੂਰੇ ਮੁਲਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਕਾਰਨ ਸਿੱਧੂ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਕਿਚਾਈ ਵੀ ਹੋਈ ਸੀ। ਰਹੀ-ਸਹੀ ਕਸਰ ਸਿੱਧੂ ਨੇ ਲੋਕ ਸਭਾ ਚੋਣਾਂ ਦੌਰਾਨ ਕੈਪਟਨ ਨੂੰ ਬਾਦਲਾਂ ਨਾਲ ਰਿਸ਼ਤਿਆਂ ਨੂੰ ਜੋੜਦੇ ਹੋਏ ਬਿਆਨ ਦਿੱਤਾ, ਜਿਸ ਬਾਰੇ ਕੈਪਟਨ ਕਾਫ਼ੀ ਨਾਰਾਜ਼ ਹੋ ਗਏ।
ਬਦਲ ਦਿੱਤਾ ਸੀ ਮਹਿਕਮਾ
ਲੋਕ ਸਭਾ ‘ਚ ਪੰਜ ਸੀਟਾਂ ‘ਤੇ ਕਾਂਗਰਸ ਦੀ ਹਾਰ ਦਾ ਠੀਕਰਾ ਕਾਂਗਰਸ ਨੇ ਸਿੱਧੂ ਸਿਰ ਭੰਨਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ 15 ਮੰਤਰੀਆਂ ਦੇ ਵਿਭਾਗ ‘ਚ ਫੇਰਬਦਲ ਕਰ ਦਿੱਤਾ। ਮੁੱਖ ਮੰਤਰੀ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਊਰਜਾ ਵਿਭਾਗ ਦੇ ਦਿੱਤਾ ਜਿਸ ਤੋਂ ਸਿੱਧੂ ਖਾਸੇ ਨਾਰਾਜ਼ ਹੋ ਗਏ। ਬਾਅਦ ‘ਚ ਉਨ੍ਹਾਂ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨੂੰ ਮੁੱਖ ਮੰਤਰੀ ਨੇ ਸਵੀਕਾਰ ਕਰ ਲਿਆ।
ਇਹ ਹੈ ਲੜਾਈ
ਪੰਜਾਬ ‘ਚ ਅਸਲੀ ਲੜਾਈ 2022 ਨੂੰ ਲੈ ਕੇ ਹੈ। ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਇਹ ਉਨ੍ਹਾਂ ਦੀਆਂ ਆਖ਼ਰੀ ਚੋਣਾਂ ਹੋਣਗੀਆਂ। ਇਸ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਚਿਹਰਾ ਕੌਣ ਹੋਵੇਗਾ? ਇਸ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਪੰਜਾਬ ਕਾਂਗਰਸ ਦਾ ਇਕ ਵਰਗ ਸਿੱਧੂ ਨੂੰ ਚਿਹਰਾ ਮੰਨ ਰਿਹਾ ਹੈ ਤਾਂ ਸਾਲਾਂ ਤੋਂ ਕਾਂਗਰਸ ਨਾਲ ਜੁੜੇ ਰਹਿਣ ਵਾਲੇ ਕਾਂਗਰਸੀ ਵਿਧਾਇਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਸਿੱਧੂ ਕਾਂਗਰਸ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼ਾਮਲ ਹੋਏ ਸਨ।
ਇਹ ਹੈ ਮਾਜਰਾ
ਦੂਸਰੀ ਵਾਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਨ ਨਾਰਾਜ਼ ਨਹੀਂ ਕਰਨਾ ਚਾਹੁੰਦੀ ਕਿਉਂਕਿ ਕੈਪਟਨ ਹੀ ਸਨ ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ‘ਚ ਕਾਂਗਰਸ ਨੇ 10 ਸਾਲਾਂ ਬਾਅਦ ਸੱਤਾ ਵਾਪਸ ਹਾਸਿਲ ਕੀਤੀ। ਲੋਕ ਸਭਾ ਚੋਣਾਂ ‘ਚ ਜਿੱਥੇ ਪੂਰੇ ਦੇਸ਼ ਵਿਚ ਕਾਂਗਰਸ ਅਸਰ ਨਹੀਂ ਦਿਖਾ ਸਕੀ, ਉੱਥੇ ਹੀ ਪੰਜਾਬ ‘ਚ ਪਾਰਟੀ ਨੇ 13 ‘ਚੋਂ 8 ਸੀਟਾਂ ‘ਤੇ ਜਿੱਤ ਹਾਸਿਲ ਕੀਤੀ, ਇਸ ਲਈ ਵੀ ਸਿੱਧੂ ਨੂੰ ਮੁੜ ਪਾਵਰ ‘ਚ ਲਿਆਉਣ ਲਈ ਕਾਂਗਰਸ ਕੈਪਟਨ ਖ਼ਿਲਾਫ਼ ਜਾ ਕੇ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੀ।
ਹਰਜਿੰਦਰ ਛਾਬੜਾ – ਪਤਰਕਾਰ9592282333
Previous article  Bhim Army Chief can be the best alternate for Dalits
Next articleGarg’s 110 helps India U-19 beat SA by 66 runs