ਬੁਢਲਾਡਾ ਵਿੱਚ ਨਰੇਗਾ ਕਿਰਤੀਆਂ ਦੇ ਰੋਸ ਮੁਜ਼ਾਹਰੇ ਵਿੱਚ ਆਵਾਰਾ ਸਾਨ੍ਹ ਆ ਜਾਣ ਕਾਰਨ ਪੰਜ ਮਜ਼ਦੂਰ ਔਰਤਾਂ ਜ਼ਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਸਿਵਿਲ ਹਸਪਤਾਲ ਬੁਢਲਾਡਾ ਵਿਚ ਭਰਤੀ ਕਰਵਾਇਆ ਗਿਆ ਹੈ। ਇੱਕ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਇਹ ਔਰਤਾਂ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਸੀਰਾ ਦੀ ਅਗਵਾਈ ਹੇਠ ਬੁਢਲਾਡਾ ਵਿਚ ਬਲਾਕ ਪੱਧਰੀ ਰੋਸ ਮੁਜ਼ਾਹਰਾ ਕਰ ਰਹੀਆਂ ਸਨ ਕਿ ਅਚਾਨਕ ਤਿੰਨ-ਚਾਰ ਸਾਨ੍ਹ ਅੱਗੜ-ਪਿੱਛੜ ਮੁਜ਼ਾਹਰੇ ਵਿੱਚ ਆ ਵੜੇ ਅਤੇ ਔਰਤਾਂ ਨੂੰ ਲਤਾੜਦੇ ਹੋਏ ਅੱਗੇ ਲੰਘ ਗਏ। ਇਸ ਵਿੱਚ ਪੰਜ ਮਜ਼ਦੂਰ ਔਰਤਾਂ ਕਰਮਜੀਤ ਕੌਰ, ਮਨਪ੍ਰੀਤ ਕੌਰ, ਨਸੀਬ ਕੌਰ, ਪਰਮਜੀਤ ਕੌਰ ਤੇ ਬਲਵੀਰ ਕੌਰ ਜ਼ਖ਼ਮੀ ਹੋ ਗਈਆਂ। ਇਨ੍ਹਾਂ ਔਰਤਾਂ ਨੂੰ ਮੁਜ਼ਾਹਰਾਕਾਰੀਆਂ ਵੱਲੋਂ ਤੁਰੰਤ ਬੁਢਲਾਡਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਇੱਕ ਔਰਤ ਪਰਮਜੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਰੈਫਰ ਕੀਤਾ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ। ਮਜ਼ਦੂਰ ਆਗੂ ਜਗਸੀਰ ਸਿੰਘ ਸੀਰਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਨਰੇਗਾ ਵਰਕਰਾਂ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤੀ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਂ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਕਿ ਅਚਾਨਕ ਰਸਤੇ ਵਿੱਚ ਰੋਸ ਮੁਜ਼ਾਹਰੇ ਦੌਰਾਨ ਆਵਾਰਾ ਸਾਨ੍ਹ ਆ ਵੜੇ। ਉਨ੍ਹਾਂ ਦੋਸ਼ ਲਾਇਆ ਕਿ ਜਥੇਬੰਦੀ ਵੱਲੋਂ ਇਸ ਮੁਜ਼ਾਹਰੇ ਸਬੰਧੀ ਕੁੱਝ ਦਿਨ ਪਹਿਲਾਂ ਸੀ.ਆਈ.ਡੀ. ਵਿਭਾਗ ਨੂੰ ਬਕਾਇਦਾ ਸੂਚਿਤ ਕਰ ਕੇ ਸੁਰੱਖਿਆ ਦੀ ਮੰਗ ਕੀਤੀ ਗਈ ਸੀ, ਪਰ ਅਜਿਹਾ ਨਾ ਹੋਇਆ ਜੋ ਮਜ਼ਦੂਰ ਵਰਗ ਨਾਲ ਵਿਤਕਰਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਵਾਰਿਸ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦੋਂਕਿ ਲੋਕਾਂ ਤੋਂ ਇਨ੍ਹਾਂ ਦੀ ਸੰਭਾਲ ਲਈ ਟੈਕਸ ਕੱਟਿਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਜ਼ਖ਼ਮੀਆਂ ਦਾ ਪ੍ਰਸ਼ਾਸਨ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾਵੇ ਤੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਇਆ ਜਾਵੇ ਜਾਂ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਰੋਸ ਮੁਜ਼ਾਹਰੇ ਤੋਂ ਪਹਿਲਾਂ ਰਾਣੀ ਕੌਰ ਫੁਲੂਵਾਲਾ, ਪਾਲ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ ਅਚਾਨਕ, ਬਲਜਿੰਦਰ ਕੌਰ, ਗੁਰਜੰਟ ਸਿੰਘ ਸਤੀਕੇ, ਹੈਪੀ ਸਿੰਘ ਤੇ ਬਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
INDIA ਨਰੇਗਾ ਕਿਰਤੀਆਂ ਦੇ ਮੁਜ਼ਾਹਰੇ ਵਿੱਚ ਆਵਾਰਾ ਸਾਨ੍ਹ ਵੜੇ