ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮੰਡੀ ਅਤੇ ਏਪੀਐੱਮਸੀ ਐਕਟ ਇਕੋ ਜਿਹੇ ਹਨ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ ’ਤੇ ਖ਼ਰੀਦ ਦੀ ਪੂਰੀ ਗਾਰੰਟੀ ਦਿੱਤੀ ਜਾਵੇਗੀ।
ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨ ਅਤੇ ਕੰਪਨੀ ਦਾ ਝਗੜਾ ਨਿਬੇੜਨ ਲਈ ਐੱਸਡੀਐੱਮ ਦਾ ਫੈਸਲਾ ਕਰਨ ਦੇ ਪ੍ਰਾਵਧਾਨ ਬਾਰੇ ਵੀ ਮੁੜ ਵਿਚਾਰਿਆ ਜਾਵੇਗਾ। ਪੈਨ ਕਾਰਡ ਅਤੇ ਵਪਾਰ ਬਾਰੇ ਸ਼ੰਕੇ ਦੂਰ ਕਰਨ ਲਈ ਵੀ ਸਰਕਾਰ ਤਿਆਰ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਠੰਢ ਜ਼ਿਆਦਾ ਪੈਣ ਕਰਕੇ ਆਪਣਾ ਅੰਦੋਲਨ ਖ਼ਤਮ ਕਰ ਦੇਣ। ਸ੍ਰੀ ਤੋਮਰ ਨੇ ਆਸ ਜਤਾਈ ਕਿ ਸ਼ਨਿੱਚਰਵਾਰ ਨੂੰ ਹੋਣ ਵਾਲੀ ਬੈਠਕ ’ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆੲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਬਾਰੇ ਜਤਾਏ ਗਏ ਤੌਖਲਿਆਂ ’ਤੇ ਵਿਚਾਰ ਕਰੇਗੀ।