ਨਮੋ ਚੈਨਲ ’ਤੇ ਤੁਰੰਤ ਰੋਕ ਲਗਾਵੇ ਚੋਣ ਕਮਿਸ਼ਨ: ਕਾਂਗਰਸ

ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼ੁਰੂ ਕੀਤੇ ਗਏ ਨਮੋ ਟੀਵੀ ਚੈਨਲ ਜ਼ਰੀਏ ਭਾਜਪਾ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਮੱਧ ਪ੍ਰਦੇਸ਼ ਦੀ ਕਾਂਗਰਸ ਇਕਾਈ ਨੇ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਕਾਂਗਰਸ ਦੀ ਮੰਗ ਹੈ ਕਿ ਇਸ ਚੈਨਲ ਦੇ ਪ੍ਰਸਾਰਨ ’ਤੇ ਤੁਰੰਤ ਰੋਕ ਲਗਾਈ ਜਾਵੇ।
ਕਾਂਗਰਸ ਦੀ ਸੂਬਾ ਇਕਾਈ ਦੇ ਤਰਜਮਾਨ ਨੀਲਾਭ ਸ਼ੁਕਲਾ ਨੇ ਕਿਹਾ, ‘‘ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਲੋਂ ਨਮੋ ਟੀਵੀ ਚੈਨਲ ਦਾ ਪ੍ਰਸਾਰਨ ਸ਼ੁਰੂ ਕੀਤਾ ਗਿਆ ਹੈ, ਜੋ ਕਿ ਖੁੱਲ੍ਹੇਆਮ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਖ਼ਿਲਾਫ਼ ਮੈਂ ਸੂਬੇ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।’’
ਉਨ੍ਹਾਂ ਕਿਹਾ, ‘‘ਨਮੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਛੋਟਾ ਨਾਮ ਹੈ। ਇਸ ਚੈਨਲ ’ਤੇ ਮੋਦੀ ਦੇ ਭਾਸ਼ਣ, ਰੈਲੀ, ਬਿਆਨ ਅਤੇ ਭਾਜਪਾ ਦੇ ਪੱਖ ਵਿੱਚ ਵੱਖ-ਵੱਖ ਪ੍ਰੋਗਰਾਮ ਦਿਖਾਏ ਜਾਣਗੇ। ਅਸੀਂ ਮੰਗ ਕਰਦੇ ਹਾਂ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਇਸ ਚੈਨਲ ਦੇ ਪ੍ਰਸਾਰਨ ’ਤੇ ਤੁਰੰਤ ਰੋਕ ਲਗਾਵੇ।’’
ਜ਼ਿਲ੍ਹਾ ਅਧਿਕਾਰੀ ਲੌਕੇਸ਼ ਕੁਮਾਰ ਯਾਦਵ ਨੇ ਦੱਸਿਆ, ‘‘ਸਥਾਨਕ ਪੱਧਰ ’ਤੇ ਚੱਲ ਰਹੇ ਕੁਝ ਵੱਟਸਐਪ ਸਮੂਹਾਂ ਤੋਂ ਸਾਹਮਣੇ ਆਈਆਂ ਖ਼ਬਰਾਂ ਅਨੁਸਾਰ ਇਹ ਚੈਨਲ ਲਗਾਤਾਰ ਇੱਕ ਪਾਰਟੀ ਦੇ ਪੱਖ ਵਿੱਚ ਰਾਜਨੀਤਕ ਸਮੱਗਰੀ ਪ੍ਰਸਾਰਿਤ ਕਰ ਰਿਹਾ ਹੈ। ਅਸੀਂ ਇਸ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

Previous articleਭਾਰਤ ਦੀ 16 ਸੋਨ ਤਗ਼ਮਿਆਂ ਨਾਲ ਮੁਹਿੰਮ ਮੁਕੰਮਲ
Next articleਸਰਕਾਰੀ ਹਸਪਤਾਲ ਨੂਰਮਹਿਲ ਨੂੰ ਸਿਹਤਮੰਦ ਕਰਨ ਲਈ ਨੰਬਰਦਾਰ ਯੂਨੀਅਨ ਅਤੇ ਹੋਰ ਸੰਸਥਾਵਾਂ ਨੇ ਖੋਲਿਆ ਮੋਰਚਾ